ਜ਼ਬਰੀ ਲਗਾਈਆਂ ਗੈਰ ਵਿੱਦਿਅਕ ਡਿਊਟੀਆਂ ਦਾ ਅਧਿਆਪਕਾਂ ਵੱਲੋਂ ਵਿਰੋਧ
ਗੜ੍ਹਸ਼ੰਕਰ,14 ਜੂਨ:- ਡਰੱਗ ਕਮ ਸਮਾਜਿਕ ਆਰਥਿਕ ਸੈਂਸਜ ਦੇ ਨਾਮ ਤੇ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੋਂ ਜਬਰੀ ਗੈਰ ਵਿੱਦਿਅਕ ਡਿਊਟੀਆਂ ਅਤੇ ਆਪਣੇ ਰਾਜਨੀਤਿਕ ਮੁਫ਼ਾਦਾਂ ਨੂੰ ਪੂਰਾ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਧੱਕੇ ਨਾਲ ਅਧਿਆਪਕਾਂ ਦੀਆਂ ਡਿਊਟੀਆ ਲਾਉਣ ਖਿਲਾਫ ਹਾਜਰੀ ਕੇਂਦਰ ਸ ਸ ਸ ਸ ਗੜ੍ਹਸ਼ੰਕਰ 'ਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਸਮੂਹ ਅਧਿਆਪਕਾਂ ਵਲੋ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਧਰਨਾਕਾਰੀਆ ਨੂੰ ਸੰਬੋਧਨ ਕਰਦਿਆਂ ਡੀ ਟੀ ਐਫ ਦੇ ਸੂਬਾ ਆਗੂਆਂ ਮੁਕੇਸ਼ ਕੁਮਾਰ,ਸੁਖਦੇਵ ਡਾਨਸੀਵਾਲ ਅਤੇ ਵਿਨੇ ਕੁਮਾਰ ਨੇ ਕਿਹਾ ਕਿ ਇਕ ਪਾਸੇ ਸਰਕਾਰ ਵੱਲੋਂ ਅਖਬਾਰਾਂ ਰਾਹੀਂ ਅਤੇ ਹੋਰ ਸਾਧਨਾਂ ਰਾਹੀਂ ਇਸ ਸਰਵੇ ਲਈ ਸਵੈ ਇੱਛਤ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣ ਸਬੰਧੀ ਇਸ਼ਤਿਹਾਰ ਦਿੱਤੇ ਗਏ ਹਨ ਦੂਜੇ ਪਾਸੇ ਅਧਿਕਾਰੀਆਂ ਵੱਲੋਂ ਅਧਿਆਪਕਾਂ ਦੀਆਂ ਜ਼ਬਰੀ ਡਿਊਟੀਆਂ ਲਗਾ ਕੇ ਅਧਿਆਪਕਾਂ ਨੂੰ ਡਿਊਟੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਰਵੇ ਵਿੱਚ ਏ.ਆਈ. ਤਕਨੀਕ ਦੀ ਵਰਤੋਂ ਕਰਦੇ ਹੋਏ ਆਮ ਲੋਕਾਂ ਤੋਂ ਅਜਿਹੇ ਸਵਾਲ ਕੀਤੇ ਜਾਣੇ ਹਨ ਜਿਸ ਵਿੱਚ ਸਰਕਾਰ ਦੀਆਂ ਸਕੀਮਾਂ ਸਬੰਧੀ ਹੀ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਅਤੇ ਉਹਨਾਂ ਤੋਂ ਇਹ ਵੀ ਪੁੱਛਿਆ ਜਾਵੇਗਾ ਕਿ ਸਰਕਾਰ ਨੂੰ ਹੋਰ ਕਿਹੜੇ ਕੰਮ ਕਰਨੇ ਚਾਹੀਦੇ ਹਨ ਅਜਿਹੇ ਵਿੱਚ ਪਹਿਲੀ ਨਜ਼ਰ ਵਿੱਚ ਇਹ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਵੱਲੋਂ ਸਰਵੇ ਦੇ ਨਾਂ ਹੇਠ ਇੱਕ ਪਾਰਟੀ ਵਿਸ਼ੇਸ਼ ਲਈ ਕੋਈ ਸਰਵੇ ਜਾਂ ਭਵਿੱਖੀ ਨੀਤੀਆਂ ਕਰਨ ਲਈ ਏਜੰਡਾ ਤਿਆਰ ਕਰਵਾਇਆ ਜਾ ਰਿਹਾ ਹੈ।
ਉਕਤ ਦੇ ਨਾਲ ਜਥੇਬੰਦੀਆਂ ਦੇ ਆਗੂਆਂ ਰੁਪਿੰਦਰ ਸਿੰਘ, ਇੰਦਰਜੀਤ ਕੌਰ,ਪਰਜਿੰਦਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਇਸ ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਤੌਰ ਤੇ ਐਲਾਨ ਕੀਤਾ ਗਿਆ ਸੀ ਕਿ ਕਿਸੇ ਵੀ ਅਧਿਆਪਕ ਤੋਂ ਗੈਰ ਵਿੱਦਿਅਕ ਡਿਊਟੀ ਨਹੀਂ ਕਰਵਾਈ ਜਾਵੇਗੀ, ਅਧਿਆਪਕਾਂ ਨੂੰ ਪੜ੍ਹਾਈ ਲਈ ਸੁਖਾਵਾਂ ਮਾਹੌਲ ਬਣਾਇਆ ਜਾਵੇਗਾ।
ਪਰ ਇਸ ਦੇ ਉਲਟ ਇਸ ਸਰਕਾਰ ਵੱਲੋਂ ਲਗਾਤਾਰ ਅਧਿਆਪਕਾਂ ਤੋਂ ਗੈਰ ਵਿੱਦਿਅਕ ਡਿਊਟੀਆਂ ਕਰਵਾਈਆਂ ਜਾ ਰਹੀਆਂ ਹਨ ਇੱਥੋਂ ਤੱਕ ਕਿ ਮਰਦਮਸੁਮਾਰੀ, ਬੀ.ਐਲ.ਓ. ਡਿਊਟੀਆਂ, ਇਲੈਕਸ਼ਨ ਡਿਊਟੀ ਤੋਂ ਇਲਾਵਾ ਡਰੱਗ ਸੈਂਸਜ, ਤੀਰਥ ਯਾਤਰਾ ਅਤੇ ਹੈਲਥ ਕਾਰਡ ਬਣਵਾਉਣ ਲਈ ਵੀ ਵੱਡੇ ਪੱਧਰ ਉੱਪਰ ਅਧਿਆਪਕਾਂ ਦੀ ਡਿਊਟੀ ਲਗਾਈ ਜਾਂਦੀ ਰਹੀ ਹੈ। ਅਧਿਆਪਕ ਲਗਾਤਾਰ ਸਕੂਲਾਂ ਤੋਂ ਬਾਹਰ ਡਿਊਟੀ ਕਰਨ ਲਈ ਮਜ਼ਬੂਰ ਕੀਤੇ ਜਾ ਰਹੇ ਹਨ ਜਿਸ ਦਾ ਅਸਰ ਵੱਡੀ ਪੱਧਰ ਦੇ ਉੱਪਰ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਉੱਪਰ ਵੀ ਪਿਆ ਹੈ।
ਇਸ ਮੌਕੇ ਤਹਿਸੀਲਦਾਰ ਸ੍ਰੀ ਮੁਨੀਸ਼ ਕੁਮਾਰ ਜੀ ਵਲੋਂ ਧਰਨੇ ਵਿਚ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕਰਦਿਆਂ ਆਗੂਆਂ ਦੇ ਸਾਰੇ ਤਰਕਾਂ ਨਾਲ ਸਹਿਮਤ ਹੁੰਦਿਆਂ ਭਰੋਸਾ ਦਿੱਤਾ ਕਿ ਅਧਿਆਪਕਾਂ ਦੀ ਮੰਗ ਐੱਸ ਡੀ ਐੱਮ ਸਾਹਿਬ ਕੋਲ ਪਹੁੰਚਾ ਦਿੱਤੀ ਜਾਵੇਗੀ।
ਸਰਕਾਰ ਦੇ ਇਸ ਧੱਕੇਸ਼ਾਹੀ ਰਵੱਈਏ ਦਾ ਵਿਰੋਧ ਕਰਦਿਆਂ ਹੋਇਆ ਜਥੇਬੰਦੀਆਂ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਡਰੱਗ ਸੈਂਸਜ ਵਿੱਚ ਡਿਊਟੀਆਂ ਨੂੰ ਲੈ ਕੇ ਕੱਲ੍ਹ ਮਿਤੀ 15 ਜੂਨ ਨੂੰ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅਧਿਆਪਕਾਂ ਦੇ ਇੱਕ ਮਾਸ ਡੈਪੂਟੇਸ਼ਨ ਲੈ ਕੇ ਮਾਨਯੋਗ ਐੱਸ ਡੀ ਐੱਮ ਸਾਹਿਬ ਗੜ੍ਹਸ਼ੰਕਰ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਉਹਨਾਂ ਨੂੰ ਸਾਰੀ ਸਥਿਤੀ ਨਾਲ ਜਾਣੂ ਕਰਵਾਇਆ ਜਾਵੇ ਅਤੇ ਅਧਿਆਪਕਾਂ ਦੀਆਂ ਲਗਾਈਆਂ ਗਈਆਂ ਇਸ ਗੈਰ ਵਿੱਦਿਅਕ ਡਿਊਟੀਆਂ ਨੂੰ ਕਟਵਾਇਆ ਜਾ ਸਕੇ।
ਅੱਜ ਦੇ ਇਸ ਵਿਰੋਧ ਪ੍ਰਦਰਸ਼ਨ ਵਿੱਚ ਆਗੂ ਸੰਦੀਪ ਸਿੰਘ,ਪਰਦੀਪ ਸਿੰਘ,ਦਵਿੰਦਰ ਸਿੰਘ, ਸੁਭਾਸ਼ ਚੰਦਰ, ਕਮਲਜੀਤ ਸਿੰਘ,ਸੰਦੀਪ ਠਾਕੁਰ,ਮੁਰਾਦ ਹੁਸੈਨ,ਸਤਨਾਮ ਸਿੰਘ, ਮਨੀਸ਼ ਰਾਣਾ,ਸੰਜੀਵ ਕੁਮਾਰ,ਸੁਭਾਸ਼ ਕੁਮਾਰ,ਪ੍ਰਵੀਨ ਕੁਮਾਰ, ਹੁਸਨ ਲਾਲ, ਇੰਦਰਜੀਤ ਕੌਰ,ਪੂਨਮ ਕੁਮਾਰੀ, ਜਯੋਤਕਾ, ਮੈਡਮ ਭਰਤ ਜੋਤੀ, ਬਲਜਿੰਦਰ ਕੌਰ, ਅੰਸ਼ੂ ਰਾਣਾ, ਪ੍ਰਿਅੰਕਾ, ਊਸ਼ਾ ਰਾਣੀ, ਰਜਨੀ ਕੁਮਾਰੀ,ਪੁਸ਼ਪਿੰਦਰ ਕੌਰ,ਪੂਨਮ ਰਾਣੀ,ਕਵਿਤਾ ਅਗਵਾਨੀ,ਕਿਰਨ ਕੰਵਰ,ਮਮਤਾ ਰਾਣੀ,ਨਿਰਮਲ ਕੌਰ,ਜੋਤੀ ਲੂਬਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਿਲ ਹੋਏ।
