ਕੈਨੇਡਾ ਨਹਿਰ ਵਿੱਚ ਡੁੱਬਦੇ ਦੋਸਤ ਨੂੰ ਬਚਾਉਂਦਿਆਂ ਤਪਾ ਮੰਡੀ ਦੇ ਨੌਜਵਾਨ ਦੀ ਮੌਤ
ਤਪਾ ਮੰਡੀ:- ਕੈਨੇਡਾ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਹਿਰ ਵਿੱਚ ਡੁੱਬਦੇ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਤਪਾ ਮੰਡੀ ਦਾ 26 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਵੀ ਆਪਣੀ ਜਾਨ ਗਵਾ ਬੈਠਾ। ਮ੍ਰਿਤਕ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ (ਘੁੰਨਸ ਰੋਡ) ਦਾ ਰਹਿਣ ਵਾਲਾ ਸੀ।
ਘਟਨਾ ਉਸ ਵੇਲੇ ਦੀ ਦੱਸੀ ਜਾ ਰਹੀ ਹੈ ਜਦੋਂ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਦੀ ਲਾਚੀਨ ਨਹਿਰ ਦੇ ਕਿਨਾਰੇ ਲਵਪ੍ਰੀਤ ਸਿੰਘ ਦੇ ਦੋਸਤ ਦਾ ਅਚਾਨਕ ਪੈਰ ਫ਼ਿਸਲ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਗਿਆ। ਜਦੋਂ ਲਵਪ੍ਰੀਤ ਸਿੰਘ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਸ ਨੇ ਆਪਣੇ ਦੋਸਤ ਨੂੰ ਬਚਾਉਣ ਲਈ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ। ਪਰ ਅਫ਼ਸੋਸ, ਦੋਸਤ ਨੂੰ ਬਚਾਉਂਦਿਆਂ ਲਵਪ੍ਰੀਤ ਸਿੰਘ ਖ਼ੁਦ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬ ਗਿਆ।
ਕੈਨੇਡਾ ਪ੍ਰਸ਼ਾਸਨ ਵੱਲੋਂ ਕਈ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਦੋਵਾਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਰਦਨਾਕ ਖ਼ਬਰ ਨੇ ਸਾਬਕਾ ਫ਼ੌਜੀ ਬਲਵੀਰ ਸਿੰਘ ਦੇ ਪੂਰੇ ਗੁਰਸਿੱਖ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਪਰਿਵਾਰ ਦਾ ਇਕਲੌਤਾ ਪੁੱਤ ਲਵਪ੍ਰੀਤ ਸਿੰਘ ਕਰੀਬ ਦੋ-ਢਾਈ ਸਾਲ ਪਹਿਲਾਂ ਹੀ ਵਰਕ ਪਰਮਿਟ ’ਤੇ ਕੈਨੇਡਾ ਦੇ ਮਾਂਟਰੀਅਲ ਸ਼ਹਿਰ ਗਿਆ ਸੀ, ਜਿੱਥੇ ਉਹ ਇੱਕ ਕੰਪਨੀ ਵਿੱਚ ਬਤੌਰ ਟਰਾਲਾ ਡਰਾਈਵਰ ਕੰਮ ਕਰ ਰਿਹਾ ਸੀ। ਲਵਪ੍ਰੀਤ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਪਣੇ ਮਾਪਿਆਂ ਦੇ ਸੁਪਨੇ ਸਾਕਾਰ ਕਰਨ ਲਈ ਵਿਦੇਸ਼ ਗਿਆ ਸੀ।
ਪੁੱਤ ਨੂੰ ਕੈਨੇਡਾ ਭੇਜਣ ਲਈ ਸੀ.ਆਰ.ਪੀ.ਐਫ. ਵਿੱਚੋਂ ਸੇਵਾਮੁਕਤ ਹੋਏ ਫ਼ੌਜੀ ਪਿਤਾ ਬਲਵੀਰ ਸਿੰਘ ਨੇ ਆਪਣੀ ਹਿੱਸੇ ਆਉਂਦੀ ਪੌਣੇ ਦੋ (ਤੇ ਪਰਿਵਾਰ ਦੀ ਢਾਈ) ਏਕੜ ਜ਼ਮੀਨ ਵੇਚ ਕੇ 29 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਸੀ। ਇਕਲੌਤੇ ਭਰਾ ਦੀ ਮੌਤ ਤੋਂ ਬਾਅਦ ਜਿੱਥੇ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਮਾਪਿਆਂ ਦੇ ਦੇਖੇ ਸਾਰੇ ਸੁਪਨੇ ਚਕਨਾਚੂਰ ਹੋ ਗਏ ਹਨ। ਮ੍ਰਿਤਕ ਲਵਪ੍ਰੀਤ ਸਿੰਘ ਨੇ ਮਹਿਜ਼ 10 ਦਿਨ ਪਹਿਲਾਂ ਹੀ ਫ਼ੋਨ ’ਤੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ।
