ਟੈਂਕਰ ਨੂੰ ਅੱਗ ਲੱਗੀ ਇਕ ਵਿਅਕਤੀ ਦੀ ਮੌਤ
ਅੰਬਾਲਾ, 17 ਫਰਵਰੀ:- ਮੰਗਲਵਾਰ ਨੂੰ ਦੁਪਹਿਰ 1 ਵਜੇ ਬਲਦੇਵ ਨਗਰ ਨੇੜੇ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਖੜ੍ਹੇ ਇੱਕ ਖ਼ਾਲੀ ਡੀਜ਼ਲ ਟੈਂਕਰ ਵਿੱਚ ਫਿਰ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਪੰਜਾਬ ਦੇ ਹੰਡੇਸਰਾ ਦੇ ਰਾਣੀ ਮਾਜਰਾ ਦੇ ਰਹਿਣ ਵਾਲੇ ਇੱਕ ਮਕੈਨਿਕ ਅਤੇ ਵੈਲਡਰ ਲਖਵਿੰਦਰ ਉਰਫ਼ ਲੱਕੀ (30) ਦੀ ਮੌਤ ਹੋ ਗਈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਚੰਡੀਗੜ੍ਹ ਹਾਈਵੇਅ ਦੇ ਨੇੜੇ ਸਰਵਿਸ ਲੇਨ ਵਿੱਚ ਇਸ ਟੈਂਕਰ ਵਿੱਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ।
ਮ੍ਰਿਤਕ ਲਖਵਿੰਦਰ ਆਪਣੇ ਚਾਚੇ ਗੁਰਚਰਨ ਨਾਲ ਵੈਲਡਰ ਵਜੋਂ ਕੰਮ ਕਰਦਾ ਸੀ। ਹਾਦਸੇ ਸਮੇਂ ਉਹ ਟੈਂਕਰ 'ਤੇ ਕੰਮ ਕਰ ਰਿਹਾ ਸੀ। ਫਾਇਰ ਬ੍ਰਿਗੇਡ ਦੀ ਇੱਕ ਗੱਡੀ ਵੀ ਮੌਕੇ 'ਤੇ ਪਹੁੰਚੀ ਅਤੇ ਟੈਂਕਰ 'ਤੇ ਪਾਣੀ ਦਾ ਛਿੜਕਾਅ ਕੀਤਾ।
ਇਸ ਸਬੰਧ ਵਿਚ ਬਲਦੇਵ ਨਗਰ ਥਾਣੇ ਦੇ ਐਸਐਚਓ ਧਰਮਵੀਰ ਨੇ ਦੱਸਿਆ ਕਿ ਜਦੋਂ ਵੈਲਡਿੰਗ ਚੱਲ ਰਹੀ ਸੀ ਤਾਂ ਅਚਾਨਕ ਅੱਗ ਲੱਗ ਗਈ ਜਿਸ ਵਿੱਚ ਲਖਵਿੰਦਰ ਸੜ ਗਿਆ ਅਤੇ ਉਸ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਅੱਗ ਬੁਝਾ ਦਿੱਤੀ ਅਤੇ ਸੜਨ ਵਾਲੇ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਾਣਕਾਰੀ ਅਨੁਸਾਰ ਤਿੰਨ ਮਹੀਨੇ ਪਹਿਲਾਂ ਵੀ ਇਸੇ ਥਾਂ 'ਤੇ ਇੱਕ ਟੈਂਕਰ ਵਿੱਚ ਧਮਾਕਾ ਹੋਇਆ ਸੀ।
