ਸੁਪਰੀਮ ਕੋਰਟ ਵੱਲੋਂ ਗੈਂਗਸਟਰ ਅਬੂ ਸਲੇਮ ਦੀ ਹਿਰਾਸਤ ਤੋਂ ਰਿਹਾਈ ਦੀ ਅਰਜ਼ੀ ਖਾਰਜ

ਨਵੀਂ ਦਿੱਲੀ:- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਗੈਂਗਸਟਰ ਅਬੂ ਸਲੇਮ ਵੱਲੋਂ ਦਾਇਰ ਕੀਤੀ ਗਈ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਉਸ ਨੇ ਪੁਰਤਗਾਲ ਤੋਂ ਉਸ ਦੀ ਹਵਾਲਗੀ ਦੀਆਂ ਸ਼ਰਤਾਂ ਤਹਿਤ ਲਾਜ਼ਮੀ ਤੌਰ ’ਤੇ ਭਾਰਤ ਵਿੱਚ 25 ਸਾਲ ਜੇਲ੍ਹ ਪੂਰੀ ਕਰਨ ਦੇ ਆਧਾਰ 'ਤੇ ਹਿਰਾਸਤ ਤੋਂ ਰਿਹਾਈ ਦੀ ਮੰਗ ਕੀਤੀ ਸੀ।
ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਬੰਬੇ ਹਾਈ ਕੋਰਟ ਦੇ ਅਪ੍ਰੈਲ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ, ਜਿਸ ਨੇ ਉਸ ਦੀ ਫੌਰੀ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ "ਸਮੇਂ ਤੋਂ ਪਹਿਲਾਂ" (ਪ੍ਰੀਮੇਚਿਅਰ) ਅਤੇ "ਗਲਤ ਧਾਰਨਾ ਵਾਲੀ" (ਮਿਸਕੌਂਸੀਵਡ) ਕਹਿ ਕੇ ਖਾਰਜ ਕਰ ਦਿੱਤਾ ਸੀ।
ਸਿਖਰਲੀ ਅਦਾਲਤ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਸਲੇਮ ਦੀ ਅਰਜ਼ੀ 'ਤੇ ਆਪਣਾ ਫ਼ੈਸਲਾ ਸੁਣਾਇਆ। ਇੱਕ ਵਿਸਤ੍ਰਿਤ ਫ਼ੈਸਲੇ ਦੀ ਉਡੀਕ ਹੈ। 1993 ਦੇ ਮੁੰਬਈ ਲੜੀਵਾਰ ਧਮਾਕਿਆਂ ਵਿੱਚ ਦੋਸ਼ੀ ਸਲੇਮ ਨੂੰ ਇੱਕ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ 11 ਨਵੰਬਰ 2005 ਨੂੰ ਪੁਰਤਗਾਲ ਤੋਂ ਹਵਾਲੇ ਕੀਤਾ ਗਿਆ ਸੀ। ਭਾਰਤ ਅਤੇ ਪੁਰਤਗਾਲ ਦੁਆਰਾ ਸਹਿਮਤ ਕੀਤੀਆਂ ਗਈਆਂ ਹਵਾਲਗੀ ਦੀਆਂ ਸ਼ਰਤਾਂ ਅਨੁਸਾਰ, ਸਲੇਮ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਅਤੇ ਉਸ ਦੀ ਜੇਲ੍ਹ ਦੀ ਸਜ਼ਾ 25 ਸਾਲ ਤੋਂ ਵੱਧ ਨਹੀਂ ਹੋ ਸਕਦੀ।