ਯੂਨੀਅਨ ਬੈਂਕ ਚ ਦਿਨਦਿਹਾੜੇ ਲੁੱਟ ਦੀ ਕੋਸ਼ਿਸ਼ ਗਾਰਡ ਦੀ ਹਿੰਮਤ ਅੱਗੇ ਹਾਰੇ ਬਦਮਾਸ਼
ਜੰਡਿਆਲਾ ਗੁਰੂ:- ਸਥਾਨਕ ਘਾਹ ਮੰਡੀ ਚੌਂਕ ਨੇੜੇ ਸਥਿਤ ਯੂਨੀਅਨ ਬੈਂਕ ਵਿੱਚ ਅੱਜ ਦਿਨ ਦਿਹਾੜੇ ਪੰਜ ਨਕਾਬਪੋਸ਼ ਲੁਟੇਰਿਆਂ ਵੱਲੋਂ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਬੈਂਕ ਦੇ ਸਕਿਉਰਟੀ ਗਾਰਡ ਵੱਲੋਂ ਦਿਖਾਈ ਗਈ ਹਿੰਮਤ ਕਾਰਨ ਬੈਂਕ ਲੁੱਟਣ ਦੀ ਕੋਸ਼ਿਸ਼ ਨਾਕਾਮ ਹੋ ਗਈ। ਗਾਰਡ ਵੱਲੋਂ ਤੁਰੰਤ ਕੀਤੀ ਕਾਰਵਾਈ ਕਾਰਨ ਲੁਟੇਰੇ ਬਿਨਾਂ ਕੋਈ ਲੁੱਟ ਕੀਤੇ ਮੌਕੇ ਤੋਂ ਫਰਾਰ ਹੋ ਗਏ, ਜਿਸ ਨਾਲ ਬੈਂਕ ਵਿੱਚ ਵੱਡੀ ਵਾਰਦਾਤ ਹੋਣੋਂ ਟਲ ਗਈ।
ਇਸ ਸਬੰਧੀ ਬੈਂਕ ਮੈਨੇਜਰ ਮੁਕੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਂਕ ਵਿੱਚ ਰੋਜ਼ਾਨਾ ਦੀ ਤਰ੍ਹਾਂ ਬੈਂਕਿੰਗ ਦਾ ਕੰਮ ਚੱਲ ਰਿਹਾ ਸੀ। ਕਰੀਬ ਸਵੇਰੇ 11.15 ਵਜੇ ਚਾਰ ਨਕਾਬਪੋਸ਼ ਨੌਜਵਾਨ ਬੈਂਕ ਵਿੱਚ ਦਾਖਲ ਹੋ ਕੇ ਗਾਹਕਾਂ ਵਾਲੀ ਕਤਾਰ ਵਿੱਚ ਬੈਠ ਗਏ ਤੇ ਵਾਊਚਰ ਭਰਨ ਲੱਗ ਪਏ।
ਸਕਿਉਰਟੀ ਗਾਰਡ ਵੱਲੋਂ ਜਦੋਂ ਉਨ੍ਹਾਂ ਨੂੰ ਮੂੰਹ ਤੋਂ ਮਾਸਕ ਹਟਾਉਣ ਲਈ ਕਿਹਾ ਗਿਆ ਤਾਂ ਇਸੇ ਦੌਰਾਨ ਇੱਕ ਹੋਰ ਵਿਅਕਤੀ ਬੈਂਕ ਵਿੱਚ ਦਾਖਲ ਹੋਇਆ, ਜਿਸ ਵੇਲੇ ਗਾਰਡ ਦੇ ਪਿੱਛੇ ਜਾ ਕੇ ਉਸ ਦੇ ਮੂੰਹ ’ਤੇ ਕੋਈ ਸਪਰੇਅ ਛਿੜਕ ਦਿੱਤੀ। ਸਪਰੇਅ ਕੀਤੇ ਜਾਣ ਦੇ ਬਾਵਜੂਦ ਸਕਿਉਰਟੀ ਗਾਰਡ ਨੇ ਹਿੰਮਤ ਨਹੀਂ ਹਾਰੀ ਅਤੇ ਤੁਰੰਤ ਆਪਣੀ ਰਾਈਫਲ ਚੁੱਕ ਲਈ। ਗਾਰਡ ਵੱਲੋਂ ਰਾਈਫਲ ਚੁੱਕਦਿਆਂ ਹੀ ਸਾਰੇ ਲੁਟੇਰੇ ਘਬਰਾ ਕੇ ਬੈਂਕ ਵਿੱਚੋਂ ਬਾਹਰ ਦੌੜ ਗਏ। ਇਸ ਤਰ੍ਹਾਂ ਬੈਂਕ ਦਾ ਕਿਸੇ ਵੀ ਕਿਸਮ ਦਾ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਜੰਡਿਆਲਾ ਗੁਰੂ ਦੇ ਐੱਸਐੱਚਓ ਹਰਪਾਲ ਸਿੰਘ ਤੁਰੰਤ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਬੈਂਕ ਅੰਦਰ ਤੇ ਆਸ-ਪਾਸ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ।
ਐੱਸਐੱਚਓ ਹਰਪਾਲ ਸਿੰਘ ਨੇ ਦੱਸਿਆ ਕਿ ਸੀਸੀ ਟੀਵੀ ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਬੈਂਕ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਸਕਿਉਰਟੀ ਗਾਰਡ ਵੱਲੋਂ ਦਿਖਾਈ ਗਈ ਤੁਰੰਤ ਹਿੰਮਤ ਅਤੇ ਸੂਝ-ਬੂਝ ਨਾਲ ਵੱਡੀ ਵਾਰਦਾਤ ਟਲ ਗਈ। ਐੱਸਐੱਚਓ ਨੇ ਕਿਹਾ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
