ਆਜ਼ਮ ਖ਼ਾਨ ਖ਼ਿਲਾਫ਼ ਐੱਫਆਈਆਰ ਦਰਜ ਹੱਜ ਕਮੇਟੀ ਦੀ ਜ਼ਮੀਨ ਵੇਚਣ ਚ ਗੜਬੜੀ ਦਾ ਦੋਸ਼
ਲਖਨਊ:- ਸਮਾਜਵਾਦੀ ਪਾਰਟੀ ਦੇ ਸੰਸਥਾਪਕਾਂ ’ਚੋਂ ਇੱਕ ਆਜ਼ਮ ਖ਼ਾਨ ਖ਼ਿਲਾਫ਼ ਵੀਰਵਾਰ ਨੂੰ ਲਖਨਊ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਆਜ਼ਮ ਖ਼ਾਨ ’ਤੇ ਹੱਜ ਕਮੇਟੀ ਦੀ ਜ਼ਮੀਨ ਵੇਚਣ ’ਚ ਗੜਬੜੀ ਕਰਨ ਦਾ ਦੋਸ਼ ਸੀ। ਜਾਂਚ ਦੌਰਾਨ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਜੀਲੈਂਸ ਨੇ ਮਾਮਲਾ ਦਰਜ ਕੀਤਾ ਹੈ। ਉੱਤਰ ਪ੍ਰਦੇਸ਼ ਰਾਜ ਹੱਜ ਕਮੇਟੀ ਦੀ ਜ਼ਮੀਨ ਦੀ ਵਿਕਰੀ ’ਚ ਗੜਬੜੀ ਦੇ ਮਾਮਲੇ ’ਚ ਵਿਜੀਲੈਂਸ ਨੇ ਸਮਾਜਵਾਦੀ ਪਾਰਟੀ ਦੇ ਆਗੂ ਤੇ ਉੱਤਰ ਪ੍ਰਦੇਸ਼ ਹੱਜ ਕਮੇਟੀ ਦੇ ਸਾਬਕਾ ਚੇਅਰਮੈਨ ਆਜ਼ਮ ਖ਼ਾਨ ਸਮੇਤ ਪੰਜ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।
ਵਿਜੀਲੈਂਸ ਦੀ ਜਾਂਚ ’ਚ ਜ਼ਮੀਨ ਦੀ ਵਿਕਰੀ ਕਾਰਨ ਕਮੇਟੀ ਨੂੰ 2.08 ਕਰੋੜ ਰੁਪਏ ਦੇ ਮਾਲੀ ਨੁਕਸਾਨ ਦੀ ਪੁਸ਼ਟੀ ਹੋਈ ਹੈ। ਦੋਸ਼ ਹੈ ਕਿ ਇੱਕ ਨਿੱਜੀ ਫਰਮ ਨੂੰ ਫਾਇਦਾ ਪਹੁੰਚਾਉਣ ਲਈ ਜ਼ਮੀਨ ਦੀ ਵਿਕਰੀ ’ਚ ਨਿਯਮਾਂ ਦੀ ਅਣਦੇਖੀ ਕੀਤੀ ਗਈ ਤੇ ਅਹੁਦੇ ਦੀ ਦੁਰਵਰਤੋਂ ਕੀਤੀ ਗਈ। ਵਿਜੀਲੈਂਸ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦਿਆਂ ਨਿੱਜੀ ਫਰਮ ਨੂੰ ਲਾਭ ਪਹੁੰਚਾਉਣ ਲਈ ਜ਼ਮੀਨ ਦੀ ਵਿਕਰੀ ’ਚ ਨਿਰਧਾਰਤ ਨਿਯਮਾਂ ਦੀ ਪਾਲਣਾ ਨਹੀਂ ਕੀਤੀ।
ਵਿਜੀਲੈਂਸ ਨੇ ਇਸ ਮਾਮਲੇ ’ਚ ਧੋਖਾਧੜੀ ਸਮੇਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਐੱਫਆਈਆਰ ਦਰਜ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਇੰਸਪੈਕਟਰ ਸੰਜੇ ਕੁਮਾਰ ਸਿੰਘ ਨੂੰ ਸੌਂਪੀ ਗਈ ਹੈ।
ਇਸ ਮਾਮਲੇ ’ਚ ਤਤਕਾਲੀ ਹੱਜ ਕਮੇਟੀ ਦੇ ਚੇਅਰਮੈਨ ਆਜ਼ਮ ਖ਼ਾਨ ਤੋਂ ਇਲਾਵਾ ਉਸ ਸਮੇਂ ਦੇ ਸਕੱਤਰ ਲਈਕ ਅਹਿਮਦ ਤੇ ਡਾ. ਐੱਮਏਏ ਖ਼ਾਨ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਇਨ੍ਹਾਂ ਦੇ ਨਾਲ ਆਮਿਸ਼ ਡਿਵੈਲਪਰਜ਼ ਦੇ ਮਾਲਕ ਮੁਹੰਮਦ ਅਯੂਬ ਤੇ ਮੁਸਤਕੀਮ ਅਹਿਮਦ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।
