ਅੰਬਾਲਾ ਵਿਚ ਅੰਧਵਿਸ਼ਵਾਸ ਨੇ ਨੌਜਵਾਨ ਦੀ ਜਾਨ ਲਈ
ਅੰਬਾਲਾ, 27 ਦਸੰਬਰ:- ਅੰਬਾਲਾ ਸ਼ਹਿਰ ਦੇ ਨਦੀ ਮੁਹੱਲੇ ਵਿਚ ਪਿਛਲੇ ਤਿੰਨ ਸਾਲਾਂ ਤੋਂ ਇਕ ਬੰਦ ਕਮਰੇ ਵਿਚ ਅੰਧ-ਵਿਸ਼ਵਾਸ ਦੇ ਪਹਿਰੇ ਵਿਚ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਸੰਘਰਸ਼ ਕਰ ਰਿਹਾ 24 ਸਾਲਾਂ ਦਾ ਪ੍ਰਿੰਸ ਆਖ਼ਰ ਇਸ ਸਰੀਰ ਦੀ ਕੈਦ ਤੋਂ ਮੁਕਤ ਹੋ ਗਿਆ। ਕੱਲ੍ਹ ਪੋਸਟ ਮਾਰਟਮ ਤੋਂ ਬਾਅਦ ਉਸ ਦੇ ਪਿੰਜਰ ਹੋਏ ਸਰੀਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਪ੍ਰਿੰਸ ਨਾਂ ਦੇ ਨੌਜਵਾਨ ਦੀ ਮੌਤ ਦੀ ਉਲਟੀ ਗਿਣਤੀ ਉਦੋਂ ਸ਼ੁਰੂ ਕੀਤੀ ਜਦੋਂ ਉਸ ਦੇ ਪਰਿਵਾਰ ਨੇ ਉਸ ਦੀ ਬਿਮਾਰੀ ਨੂੰ ਓਪਰੀ ਕਸਰ ਮੰਨ ਕੇ ਡਾਕਟਰੀ ਇਲਾਜ ਦੀ ਥਾਂ ਝਾੜ-ਫੁਕ ਕਰਵਾਉਣੀ ਸ਼ੁਰੂ ਕਰ ਦਿੱਤੀ। ਪ੍ਰਿੰਸ ਦੀ ਅਚਾਨਕ ਸਿਹਤ ਵਿਗੜਨ ਤੇ ਉਸ ਵੱਲ ਕੋਈ ਧਿਆਨ ਨਾ ਦਿੱਤਾ।
ਜਦੋਂ ਉਸ ਦੇ ਅੰਗ ਸਿਥਲ ਹੋ ਗਏ ਤਾਂ ਘਰ ਵਾਲਿਆਂ ਨੇ ਉਸ ਨੂੰ ਮੰਜੇ ਤੇ ਪਾ ਦਿੱਤਾ। ਅੰਧ ਵਿਸ਼ਵਾਸ ਦੇ ਚਲਦਿਆਂ ਟੂਣੇ-ਟੋਟਕੇ ਚਲਦੇ ਰਹੇ। ਜਦੋਂ ਬਾਕਾਇਦਾ ਇਲਾਜ ਖੁਣੋਂ ਉਹ ਸੁੱਕ ਕੇ ਤੀਲ੍ਹਾ ਹੋ ਗਿਆ ਅਤੇ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ ਤਾਂ ਇਹ ਖ਼ੌਫ਼ਨਾਕ ਦਾਸਤਾ ਲੋਕਾਂ ਸਾਹਮਣੇ ਆਈ।
ਜਾਣਕਾਰੀ ਅਨੁਸਾਰ ਕਰੀਬ ਦੋ ਸਾਲ ਪਹਿਲਾਂ ਪਰਿਵਾਰ ਉਸ ਨੂੰ ਡਾਕਟਰ ਕੋਲ ਲੈ ਕੇ ਗਿਆ ਸੀ ਪਰ ਕੋਈ ਫਾਇਦਾ ਨਾ ਹੋਣ ਕਰਕੇ ਪ੍ਰਿੰਸ ਨੂੰ ਇੱਕ ਕਮਰੇ ਵਿੱਚ ਰੱਖਿਆ ਗਿਆ। ਜੇ ਕੋਈ ਗੁਆਂਢੀ ਮਦਦ ਲਈ ਆਉਂਦਾ ਤਾਂ ਪਰਿਵਾਰ ਉਸ ਨੂੰ ਘਰ ਦੇ ਅੰਦਰ ਵੜਨ ਤੋਂ ਰੋਕ ਦਿੰਦਾ।
ਪਰਿਵਾਰ ਨੂੰ ਯਕੀਨ ਸੀ ਕਿ ਟੂਣੇ ਟੋਟਕਿਆਂ ਨਾਲ ਪ੍ਰਿੰਸ ਠੀਕ ਹੋ ਜਾਵੇਗਾ। ਪਰ ਉਸ ਦੀ ਹਾਲਤ ਦਿਨੋ-ਦਿਨ ਵਿਗੜਦੀ ਗਈ ਅਤੇ ਵੀਰਵਾਰ ਨੂੰ ਪ੍ਰਿੰਸ ਦੀ ਮੌਤ ਹੋ ਗਈ।
ਵੰਦੇ ਮਾਤਰਮ ਸਮੂਹ ਦੇ ਬਾਨੀ ਮੈਂਬਰ ਭਰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਕਿਸੇ ਵਿਅਕਤੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਜਦੋਂ ਉਹ ਪ੍ਰਿੰਸ ਦੇ ਘਰ ਗਿਆ ਤਾਂ ਪਰਿਵਾਰ ਨੇ ਉਸ ਨਾਲ ਗੱਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਉਸ ਨੇ ਦੇਖਿਆ ਕਿ ਪ੍ਰਿੰਸ ਆਪਣੇ ਕਮਰੇ ਵਿਚ ਬਹੁਤ ਕਮਜ਼ੋਰ ਹਾਲਤ ਵਿੱਚ ਪਿਆ ਸੀ ਤੇ ਉਸ ਦੇ ਆਲੇ-ਦੁਆਲੇ ਕੱਪੜਿਆਂ ਦਾ ਢੇਰ ਲੱਗਾ ਹੋਇਆ ਸੀ। ਵੰਦੇ ਮਾਤਰਮ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਪ੍ਰਿੰਸ ਦੇ ਨਹੁੰ ਕਾਫ਼ੀ ਵਧੇ ਹੋਏ ਸਨ ਅਤੇ ਵਾਲਾਂ ਵਿੱਚ ਕੀੜੇ ਤੇ ਜੂੰਆਂ ਘੁੰਮ ਰਹੇ ਸਨ।
ਟੀਮ ਨੇ ਸ਼ੁੱਕਰਵਾਰ ਸਵੇਰੇ ਉਹਨੂੰ ਬਚਾਉਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਵੀਰਵਾਰ ਰਾਤ ਨੂੰ ਉਸ ਦੀ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਸ਼ੁੱਕਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਪ੍ਰਿੰਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਥਾਣਾ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਹੈ।
ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਕਾਰਨ ਪਤਾ ਲੱਗੇਗਾ। ਉਸ ਤੋਂ ਪਿੱਛੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸਿਵਲ ਹਸਪਤਾਲ ਦੇ ਡਾਕਟਰ ਪੀਯੂਸ਼ ਨੇ ਦੱਸਿਆ ਕਿ ਨੌਜਵਾਨ ਨੂੰ ਫੇਫੜਿਆਂ ਦੀ ਸਮੱਸਿਆ ਸੀ।
ਲੋਕਾਂ ਨੇ ਦੱਸਿਆ ਕਿ ਪ੍ਰਿੰਸ ਦੇ ਪਿਤਾ ਕੱਪੜਾ ਮਾਰਕੀਟ ਵਿੱਚ ਇੱਕ ਦੁਕਾਨ ਤੇ ਕੰਮ ਕਰਦੇ ਹਨ ਅਤੇ ਉਸ ਦੀ ਮਾਂ ਘਰਾਂ ਵਿੱਚ ਕੱਪੜੇ ਧੋਂਦੀ ਹੈ। ਪ੍ਰਿੰਸ ਨੇ ਅੱਠਵੀਂ ਜਮਾਤ ਤੋਂ ਬਾਅਦ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
