ਕੁਆਂਟਮ ਪੇਪਰ ਮਿੱਲ ਸੈਲਾ ਖੁਰਦ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦਾ ਤਿੱਖਾ ਵਿਰੋਧ

ਹੁਸ਼ਿਆਰਪੁਰ:- ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੀ ਅਗਵਾਈ ਹੇਠ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ, ਸੈਲਾ ਖੁਰਦ ਦੇ ਆਗੂਆਂ ਦੇ ਇੱਕ ਵਫ਼ਦ ਨੇ ਕੁਆਂਟਮ ਪੇਪਰ ਮਿੱਲ ਸੈਲਾ ਖੁਰਦ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ।
ਅਵਿਨਾਸ਼ ਰਾਏ ਖੰਨਾ ਨੇ ਰਾਜਪਾਲ ਨੂੰ ਦੱਸਿਆ ਕਿ ਸੈਲਾ ਖੁਰਦ ਇਲਾਕੇ ਵਿੱਚ ਕਈ ਸਾਲਾਂ ਤੋਂ ਚੱਲ ਰਹੀ ਕੁਆਂਟਮ ਪੇਪਰ ਮਿੱਲ ਕਾਰਨ ਸਥਾਨਕ ਲੋਕਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿੱਲ ਵਿੱਚੋਂ ਨਿਕਲਣ ਵਾਲਾ ਗੰਦਾ ਅਤੇ ਪ੍ਰਦੂਸ਼ਿਤ ਪਾਣੀ ਆਸ-ਪਾਸ ਦੇ ਖੇਤਰਾਂ ਵਿੱਚ ਫੈਲ ਰਿਹਾ ਹੈ, ਜਿਸ ਨਾਲ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਤੋਂ ਇਲਾਵਾ ਪਸ਼ੂਆਂ, ਪੰਛੀਆਂ ਅਤੇ ਹੋਰ ਜੀਵ-ਜੰਤੂਆਂ 'ਤੇ ਵੀ ਇਸ ਦਾ ਨੁਕਸਾਨਦਾਇਕ ਪ੍ਰਭਾਵ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੇਪਰ ਮਿੱਲ ਵਿੱਚੋਂ ਨਿਕਲਣ ਵਾਲੀ ਬਦਬੂ ਕਾਰਨ ਇਲਾਕਾ ਵਾਸੀਆਂ ਦਾ ਜੀਵਨ ਬਹੁਤ ਮੁਸ਼ਕਲ ਹੋ ਗਿਆ ਹੈ ਅਤੇ ਇਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਫੈਕਟਰੀ ਵਿੱਚ ਗੰਦੇ ਪਾਣੀ ਦੇ ਉਚਿਤ ਸ਼ੁੱਧੀਕਰਨ (ਵੇਸਟ ਟ੍ਰੀਟਮੈਂਟ) ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਵਾਤਾਵਰਨ ਨੂੰ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ।
ਖੰਨਾ ਨੇ ਦੱਸਿਆ ਕਿ ਇਲਾਕਾ ਵਾਸੀਆਂ ਵੱਲੋਂ ਇਸ ਸਬੰਧੀ ਕਈ ਵਾਰ ਸਬੰਧਤ ਵਿਭਾਗਾਂ ਕੋਲ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਪਰ ਅਜੇ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ।
ਵਫ਼ਦ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਜਨਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਮਿੱਲ ਪ੍ਰਬੰਧਕਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਲਾਕਾ ਵਾਸੀਆਂ ਨੂੰ ਪ੍ਰਦੂਸ਼ਣ ਕਾਰਨ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਲਦ ਰਾਹਤ ਦਿਵਾਈ ਜਾਵੇ।
ਇਸ ਮੌਕੇ ਸੰਜੀਵ ਗੁਪਤਾ ਬੌਬੀ, ਰਿੰਕੂ ਚਾਂਦਪੁਰੀ, ਸਰਪੰਚ ਗੋਲਡੀ ਸਿੰਘ, ਮੋਹਿਤ ਗੁਪਤਾ, ਰਾਜੇਸ਼ ਕੁਮਾਰ, ਕਰਨਵੀਰ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ।