ਪੰਜਾਬ ਭਰ ਚ ਤੰਬਾਕੂ ਟੈਕਸ ਚੋਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸਟਾਕ ਬਰਾਮਦ
ਚੰਡੀਗੜ੍ਹ:- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਟੈਕਸੇਸ਼ਨ ਵਿਭਾਗ ਨੇ ਤੰਬਾਕੂ ਟੈਕਸ ਦੀ ਚੋਰੀ ਨੂੰ ਰੋਕਣ ਲਈ ਪੂਰੇ ਪੰਜਾਬ ਵਿੱਚ ਵੱਡੇ ਪੱਧਰ 'ਤੇ ਤਾਲਮੇਲ ਵਾਲੀ ਐਨਫੋਰਸਮੈਂਟ ਮੁਹਿੰਮ ਚਲਾਈ ਹੈ, ਜਿਸ ਨਾਲ ਲਗਪਗ 1.50 ਕਰੋੜ ਰੁਪਏ ਦੇ ਬਿਨਾਂ ਹਿਸਾਬ-ਕਿਤਾਬ ਵਾਲੇ ਸਾਮਾਨ ਦਾ ਪਤਾ ਲੱਗਿਆ ਹੈ।
ਵੇਰਵੇ ਸਾਂਝੇ ਕਰਦਿਆਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ, "ਸਿਗਰਟਾਂ, ਬੀੜੀਆਂ ਅਤੇ ਸਬੰਧਤ ਵਸਤੂਆਂ ਵਰਗੇ ਤੰਬਾਕੂ ਉਤਪਾਦਾਂ 'ਤੇ ਟੈਕਸ ਦਰਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਤੋਂ ਬਾਅਦ, ਵਿਭਾਗ ਨੂੰ ਇਸ ਖੇਤਰ ਵਿੱਚ ਟੈਕਸ ਚੋਰੀ ਦੀਆਂ ਗਤੀਵਿਧੀਆਂ ਵਧਣ ਬਾਰੇ ਵਿਸ਼ੇਸ਼ ਸੂਚਨਾਵਾਂ ਮਿਲੀਆਂ ਸਨ।
ਇਸ ਖ਼ੁਫ਼ੀਆ ਜਾਣਕਾਰੀ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਸਥਿਤ ਚਾਰ ਰਾਜ ਜਾਂਚ ਅਤੇ ਰੋਕਥਾਮ ਯੂਨਿਟਾਂ ਦੀਆਂ ਟੀਮਾਂ ਨੂੰ ਲਾਮਬੰਦ ਕੀਤਾ ਗਿਆ ਸੀ। ਇਨ੍ਹਾਂ ਯੂਨਿਟਾਂ ਨੇ ਅੱਠ ਵੱਖ-ਵੱਖ ਥਾਵਾਂ 'ਤੇ ਇੱਕੋ ਸਮੇਂ ਨਿਰੀਖਣ ਕੀਤਾ, ਜਿਸ ਵਿੱਚ ਪੰਜ ਰਜਿਸਟਰਡ ਕਾਰੋਬਾਰੀ ਅਦਾਰੇ ਅਤੇ ਤਿੰਨ ਅਜਿਹੇ ਅਦਾਰੇ ਸ਼ਾਮਲ ਸਨ ਜੋ ਬਿਨਾਂ ਕਿਸੇ ਰਜਿਸਟ੍ਰੇਸ਼ਨ ਦੇ ਚੱਲ ਰਹੇ ਸਨ।"
ਐਨਫੋਰਸਮੈਂਟ ਮੁਹਿੰਮ ਦੇ ਨਤੀਜਿਆਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਮੰਤਰੀ ਨੇ ਕਿਹਾ, "ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਵੱਡੀਆਂ ਸਫ਼ਲਤਾਵਾਂ ਹਾਸਲ ਹੋਈਆਂ ਹਨ, ਜਿੱਥੇ ਟੀਮਾਂ ਨੇ ਲੁਕਵੇਂ ਸਟੋਰੇਜ ਟਿਕਾਣਿਆਂ ਅਤੇ ਬਿਨਾਂ ਹਿਸਾਬ ਵਾਲੇ ਸਟਾਕ ਦੀ ਪਛਾਣ ਕਰਨ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ। ਮੁੱਖ ਦੁਕਾਨਾਂ ਅਤੇ ਸਬੰਧਤ ਗੋਦਾਮਾਂ ਦੋਵਾਂ ਦੇ ਡੂੰਘਾਈ ਨਾਲ ਨਿਰੀਖਣ ਦੌਰਾਨ, ਭਾਰੀ ਮਾਤਰਾ ਵਿੱਚ ਸਾਮਾਨ ਬਿਨਾਂ ਯੋਗ ਇਨਵੌਇਸ (ਬਿੱਲ) ਦੇ ਸਟੋਰ ਕੀਤਾ ਅਤੇ ਵੇਚਿਆ ਜਾਂਦਾ ਪਾਇਆ ਗਿਆ।"
ਉਨ੍ਹਾਂ ਅੱਗੇ ਕਿਹਾ ਕਿ ਜ਼ਬਤ ਕੀਤੇ ਗਏ ਸਟਾਕ ਵਿੱਚ ਲਗਪਗ 1.32 ਲੱਖ ਪੈਕੇਟ ਭਾਰਤੀ ਸਿਗਰਟਾਂ, 18,472 ਪੈਕੇਟ ਭਾਰਤੀ ਬੀੜੀਆਂ, 302 ਪੈਕੇਟ ਜ਼ਰਦਾ, 13 ਪੈਕਟ ਅਤੇ 95 ਬਾਕਸ ਇੰਪੋਰਟਡ (ਆਯਾਤ ਕੀਤੀਆਂ) ਸਿਗਰਟਾਂ, 148 ਵਿਦੇਸ਼ੀ ਮੂਲ ਦੇ ਹੁੱਕੇ ਦਾ ਸਾਮਾਨ, 13,000 ਲਾਈਟਰ ਅਤੇ ਕੂਲਿਪ ਦੇ 18 ਪੈਕ ਸ਼ਾਮਲ ਹਨ।
ਵਿੱਤੀ ਮੁਲਾਂਕਣ ਪ੍ਰਦਾਨ ਕਰਦਿਆਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਫੜੇ ਗਏ ਸਾਮਾਨ 'ਤੇ 50 ਲੱਖ ਰੁਪਏ ਤੋਂ ਵੱਧ ਦੀ ਟੈਕਸ ਦੇਣਦਾਰੀ, ਲਾਗੂ ਜੁਰਮਾਨਿਆਂ ਦੇ ਨਾਲ, ਸਖ਼ਤੀ ਨਾਲ ਵਸੂਲ ਕੀਤੀ ਜਾਵੇਗੀ। ਹੁਣ ਤੱਕ 12 ਲੱਖ ਰੁਪਏ ਦੀ ਰਕਮ ਪਹਿਲਾਂ ਹੀ ਵਸੂਲ ਕੀਤੀ ਜਾ ਚੁੱਕੀ ਹੈ ਅਤੇ ਅੱਗੇ ਦੀ ਵਸੂਲੀ ਦੀ ਪ੍ਰਕਿਰਿਆ ਸਰਗਰਮੀ ਨਾਲ ਜਾਰੀ ਹੈ।"
ਟੈਕਸ ਚੋਰੀ ਦੇ ਵਿਰੁੱਧ ਭਗਵੰਤ ਮਾਨ ਸਰਕਾਰ ਦੇ ਜ਼ੀਰੋ-ਟਾਲਰੈਂਸ ਦੇ ਰੁਖ ਨੂੰ ਦੁਹਰਾਉਂਦੇ ਹੋਏ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਸਖ਼ਤ ਟੈਕਸ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਰਾਜ ਦੇ ਮਾਲੀਏ ਦੀ ਰਾਖੀ ਲਈ ਅਜਿਹੀਆਂ ਤਾਲਮੇਲ ਵਾਲੀਆਂ ਐਨਫੋਰਸਮੈਂਟ ਕਾਰਵਾਈਆਂ ਬੇਰੋਕ ਜਾਰੀ ਰਹਿਣਗੀਆਂ।" ਉਨ੍ਹਾਂ ਵਪਾਰੀਆਂ ਨੂੰ ਸਖ਼ਤ ਚਿਤਾਵਨੀ ਵੀ ਜਾਰੀ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸਖ਼ਤ ਦੰਡਕਾਰੀ ਕਾਰਵਾਈ ਤੋਂ ਬਚਣ ਲਈ ਸਹੀ ਦਸਤਾਵੇਜ਼ ਬਣਾਏ ਰੱਖਣ ਅਤੇ ਕਾਨੂੰਨੀ ਵਿਵਸਥਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਨ।
