ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਸੈਂਸੈਕਸ 361 ਅੰਕ ਟੁੱਟਿਆ

ਮੁੰਬਈ:- ਪੱਛਮੀ ਏਸ਼ੀਆ, ਖ਼ਾਸ ਕਰਕੇ ਹੋਰਮੁਜ਼ ਜਲਡਮਰੂ ਵਿੱਚ ਇਰਾਨ ਅਤੇ ਅਮਰੀਕੀ ਫ਼ੌਜਾਂ ਵਿਚਾਲੇ ਵਧੇ ਤਣਾਅ ਦਾ ਸਿੱਧਾ ਅਸਰ ਅੱਜ ਭਾਰਤੀ ਸ਼ੇਅਰ ਬਾਜ਼ਾਰ ਅਤੇ ਭਾਰਤੀ ਕਰੰਸੀ ‘ਰੁਪਏ’ ’ਤੇ ਦੇਖਣ ਨੂੰ ਮਿਲਿਆ। ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਹੀ ਸੈਂਸੈਕਸ ਅਤੇ ਨਿਫ਼ਟੀ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 20 ਪੈਸੇ ਹੋਰ ਟੁੱਟ ਕੇ 95.43 ਦੇ ਇਤਿਹਾਸਕ ਹੇਠਲੇ ਪੱਧਰ ’ਤੇ ਜਾ ਡਿੱਗਿਆ।
 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 361.62 ਅੰਕਾਂ ਦੀ ਗਿਰਾਵਟ ਨਾਲ 76,907.78 ’ਤੇ ਆ ਗਿਆ। ਐਨਐਸਈ ਨਿਫ਼ਟੀ 134.90 ਅੰਕ ਡਿੱਗ ਕੇ 23,980.60 ’ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਲਾਰਸਨ ਐਂਡ ਟੂਬਰੋ, ਬਜਾਜ ਫਾਈਨਾਂਸ, ICICI ਬੈਂਕ ਅਤੇ ਮਾਰੂਤੀ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਗਿਰਾਵਟ ਰਹੀ। ਰਿਲਾਇੰਸ, ਟਾਈਟਨ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰਾਂ ਵਿੱਚ ਮਾਮੂਲੀ ਤੇਜ਼ੀ ਦੇਖੀ ਗਈ।
ਮਾਹਿਰਾਂ ਅਨੁਸਾਰ, ਹਾਰਮੁਜ਼ ਖੇਤਰ ਵਿੱਚ ਮੁੜ ਸ਼ੁਰੂ ਹੋਈ ਜੰਗ ਵਰਗੀ ਸਥਿਤੀ ਕਾਰਨ ਕੱਚੇ ਤੇਲ (Brent Crude) ਦੀਆਂ ਕੀਮਤਾਂ 113 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਪਹੁੰਚ ਗਈਆਂ ਹਨ। ਭਾਰਤ ਆਪਣੀਆਂ ਤੇਲ ਲੋੜਾਂ ਲਈ ਦਰਾਮਦ ’ਤੇ ਨਿਰਭਰ ਹੈ, ਇਸ ਲਈ ਤੇਲ ਦੀਆਂ ਵਧਦੀਆਂ ਕੀਮਤਾਂ ਭਾਰਤੀ ਅਰਥਵਿਵਸਥਾ ਲਈ ਵੱਡੀ ਚੁਣੌਤੀ ਬਣ ਰਹੀਆਂ ਹਨ।