ਥਾਣਾ ਮੇਹਟੀਆਣਾ ਇੰਚਾਰਜ ਐਸਐਚਓ ਪਰਵਿੰਦਰਜੀਤ ਸਿੰਘ ਨਾਲ ਖ਼ਾਸ ਗੱਲਬਾਤ
ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮੇਹਟੀਆਣਾ ਦੇ ਇੰਚਾਰਜ ਸਬ-ਇੰਸਪੈਕਟਰ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦਾ ਥਾਣਾ ਮੇਹਟੀਆਣਾ ਇਲਾਕੇ ਵਿਚ ਕਾਫ਼ੀ ਪ੍ਰਭਾਵਸ਼ਾਲੀ ਅਸਰ ਪਿਆ ਹੈ। ਪੁਲਿਸ ਅਤੇ ਆਮ ਲੋਕਾਂ ਦੇ ਮਿਲੇ-ਜੁਲੇ ਸਹਿਯੋਗ ਨਾਲ ਕਈ ਥਾਵਾਂ 'ਤੇ ਨਸ਼ੇ ਦੀਆਂ ਸਰਗਰਮੀਆਂ 'ਚ ਕਮੀ ਆਈ ਹੈ। ਪਿੰਡਾਂ ਦੇ ਲੋਕਾਂ, ਸਰਪੰਚ ਤੇ ਪੰਚਾਇਤੀ ਪ੍ਰਤੀਨਿਧੀਆਂ ਵੱਲੋਂ ਪੁਲਿਸ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
**ਪੁਲਿਸ ਨੂੰ ਸਹੀ ਤੇ ਤੱਥਾਂ ਅਧਾਰਤ ਜਾਣਕਾਰੀ ਦੇਣਾ ਲਾਜ਼ਮੀ**
ਐਸ.ਐਚ.ਓ ਪਰਵਿੰਦਰਜੀਤ ਸਿੰਘ ਨੇ ਅਪੀਲ ਕੀਤੀ ਕਿ ਲੋਕ ਪੁਲਿਸ ਨੂੰ ਹਮੇਸ਼ਾਂ ਸਹੀ ਤੇ ਤੱਥਾਂ 'ਤੇ ਅਧਾਰਤ ਜਾਣਕਾਰੀ ਪ੍ਰਦਾਨ ਕਰਨ। ਉਹਨਾਂ ਕਿਹਾ ਕਿ ਕਈ ਵਾਰ ਕੁਝ ਲੋਕ ਨਿੱਜੀ ਰੰਜਿਸ਼ਾਂ ਕਰਕੇ ਗਲਤ ਜਾਣਕਾਰੀ ਦੇ ਦਿੰਦੇ ਹਨ ਜਿਸ ਨਾਲ ਜਾਂਚ ਪ੍ਰਭਾਵਿਤ ਹੁੰਦੀ ਹੈ ਤੇ ਨਿਰਦੋਸ਼ ਲੋਕ ਫਸ ਸਕਦੇ ਹਨ। ਉਹਨਾਂ ਨੇ ਸਪਸ਼ਟ ਕੀਤਾ ਕਿ ਪੁਲਿਸ ਹਰ ਸ਼ਿਕਾਇਤ ਦੀ ਜਾਂਚ ਜ਼ਮੀਨੀ ਪੱਧਰ 'ਤੇ ਕਰਦੀ ਹੈ ਤਾਂ ਜੋ ਕਿਸੇ ਨਾਲ ਵੀ ਨਾਇਨਸਾਫ਼ੀ ਨਾ ਹੋਵੇ।
***ਅਪਰਾਧ ਤੇ ਨਸ਼ੇ ਬਾਰੇ ਜਾਣਕਾਰੀ ਦੇਣ ਵਾਲਿਆਂ ਦੀ ਪਹਿਚਾਣ ਗੁਪਤ ਰਹੇਗੀ**
ਉਹਨਾਂ ਕਿਹਾ ਕਿ ਲੋਕ ਕਿਸੇ ਵੀ ਤਰ੍ਹਾਂ ਦੇ ਕ੍ਰਾਈਮ, ਨਸ਼ਿਆਂ ਜਾਂ ਸਮਾਜ ਵਿਰੋਧੀ ਤੱਤਾਂ ਬਾਰੇ ਪੁਲਿਸ ਨੂੰ ਜਾਣਕਾਰੀ ਦੇਣ ਤੋਂ ਨਾ ਹਿਚਕਿਚਾਉਣ, ਕਿਉਂਕਿ ਉਹਨਾਂ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਏਗੀ। ਇਹ ਸਹਿਯੋਗ ਪੁਲਿਸ ਨੂੰ ਜਨ ਹਿਤੈਸ਼ੀ ਮੁਹਿੰਮਾਂ ਨੂੰ ਪੂਰਾ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ।
*ਤਿਉਹਾਰਾਂ ਦੇ ਮੱਦੇਨਜ਼ਰ ਚੈਕਿੰਗ ਤੇ ਨਿਗਰਾਨੀ ਤੇਜ਼**
ਐਸ.ਐਚ.ਓ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਤਿਉਹਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਲਾਕੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਇਸ ਦੌਰਾਨ ਇਲਾਕੇ ਵਿਚ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਮਾਜ ਵਿਰੋਧੀ ਤੱਤਾਂ, ਨਸ਼ਾ ਤਸਕਰਾਂ ਤੇ ਨਸ਼ੇੜੀਆਂ 'ਤੇ ਪੁਲਿਸ ਵੱਲੋਂ ਪੈਨੀ ਨਿਗਰਾਨੀ ਰੱਖੀ ਜਾ ਰਹੀ ਹੈ।
