ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਖਰੀਦ ਕਾਰਜ ਸੁਚਾਰੂ ਢੰਗ ਨਾਲ ਜਾਰੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਅਕਤੂਬਰ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਖਰੀਫ ਮੰਡੀਕਰਨ ਸੀਜ਼ਨ 2025-26 ਦੀ ਜੀਰੀ ਦੀ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਜਾਰੀ ਹੈ। 23 ਅਕਤੂਬਰ 2025 ਦੀ ਸ਼ਾਮ ਤੱਕ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕੁੱਲ 1,38,030 ਮੀਟ੍ਰਿਕ ਟਨ (ਐੱਮ.ਟੀ.) ਧਾਨ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 1,37,719 ਐੱਮ.ਟੀ. ਝੋਨਾ ਸਰਕਾਰੀ ਏਜੰਸੀਆਂ ਵੱਲੋਂ ਖਰੀਦਿਆ ਜਾ ਚੁੱਕਾ ਹੈ।
ਕੁੱਲ ਖਰੀਦ ਵਿੱਚੋਂ 1,14,608 ਐੱਮ.ਟੀ. ਝੋਨਾ ਮੰਡੀਆਂ ਤੋਂ ਢੋਇਆ ਜਾ ਚੁੱਕਾ ਹੈ, ਜੋ ਕਿ 72 ਘੰਟਿਆਂ ਵਿੱਚ 94% ਲਿਫਟਿੰਗ ਅਤੇ ਹੁਣ ਤੱਕ ਕੁੱਲ 83% ਲਿਫਟਿੰਗ ਦਰਸਾਉਂਦਾ ਹੈ। ਇਸ ਨਾਲ ਸਮੇਂ ਸਿਰ ਟਰਾਂਸਪੋਰਟ ਤੇ ਸਟੋਰੇਜ ਨੂੰ ਯਕੀਨੀ ਬਣਾਇਆ ਗਿਆ ਹੈ।
ਏਜੰਸੀ-ਵਾਰ ਅੰਕੜਿਆਂ ਅਨੁਸਾਰ, ਪਨਗ੍ਰੇਨ ਵੱਲੋਂ 56,309 ਐੱਮ.ਟੀ., ਮਾਰਕਫੈਡ ਵੱਲੋਂ 34,411 ਐੱਮ.ਟੀ., ਪਨਸਪ ਵੱਲੋਂ 26,750 ਐੱਮ.ਟੀ., ਪੰਜਾਬ ਸਟੇਟ ਵੇਅਰਹਾਉਸਿੰਗ ਕਾਰਪੋਰੇਸ਼ਨ ਵੱਲੋਂ 16,533 ਐੱਮ.ਟੀ. ਅਤੇ ਐੱਫ.ਸੀ.ਆਈ. ਵੱਲੋਂ 3,716 ਐੱਮ.ਟੀ. ਝੋਨੇ ਦੀ ਖਰੀਦ ਕੀਤੀ ਗਈ ਹੈ।
72 ਘੰਟਿਆਂ ਅੰਦਰ ਲਿਫਟਿੰਗ ਦੇ ਪ੍ਰਦਰਸ਼ਨ ਮੁਤਾਬਕ, ਪਨਸਪ ਨੇ 102%, ਪੰਜਾਬ ਸਟੇਟ ਵੇਅਰਹਾਉਸਿੰਗ ਕਾਰਪੋਰੇਸ਼ਨ ਨੇ 100%, ਅਤੇ ਮਾਰਕਫੈਡ ਨੇ 90% ਜਦਕਿ ਪਨਗ੍ਰੇਨ ਅਤੇ ਐੱਫ.ਸੀ.ਆਈ. ਨੇ ਕ੍ਰਮਵਾਰ 95% ਅਤੇ 35% ਚੁਕਾਈ ਕੀਤੀ ਹੈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਅਦਾਇਗੀਆਂ ਦੀ ਸਥਿਤੀ ਸੰਤੋਖਜਨਕ ਹੈ, ਹੁਣ ਤੱਕ 316.41 ਕਰੋੜ ਰੁਪਏ ਕਿਸਾਨਾਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਨਾਲ 48 ਘੰਟਿਆਂ ਵਿੱਚ 106% ਅਦਾਇਗੀ ਯਕੀਨੀ ਬਣਾਈ ਗਈ ਹੈ। ਏਜੰਸੀ-ਵਾਰ, ਪਨਸਪ (109%), ਪੰਜਾਬ ਸਟੇਟ ਵੇਅਰਹਾਉਸਿੰਗ ਕਾਰਪੋਰੇਸ਼ਨ (108%), ਮਾਰਕਫੈਡ (107%), ਅਤੇ ਪਨਗ੍ਰੇਨ (105%) ਵੱਲੋਂ ਸਮੇਂ-ਸਿਰ ਭੁਗਤਾਨ ਕਰਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਅਦਾਇਗੀ ਅਤੇ ਝੋਨੇ ਦੀ ਲਿਫਟਿੰਗ ਦੀ ਰੋਜ਼ਾਨਾ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਸਾਰੀਆਂ ਖਰੀਦ ਏਜੰਸੀਆਂ, ਮੰਡੀ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਆਪਸੀ ਤਾਲਮੇਲ ਵਾਲੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਸਦਕਾ ਖਰੀਦ ਪ੍ਰਕਿਰਿਆ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਚੱਲ ਰਹੀ ਹੈ।
ਡੀ ਸੀ ਕੋਮਲ ਮਿੱਤਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਝੋਨੇ ਦੀ ਪਰਾਲੀ ਦਾ ਸਹੀ ਪ੍ਰਬੰਧ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਸਹਾਇਤਾ ਨਾਲ ਕਰਨ ਅਤੇ ਇਸਨੂੰ ਸਾੜਨ ਤੋਂ ਪਰਹੇਜ਼ ਕਰਨ, ਤਾਂ ਜੋ ਵਾਤਾਵਰਣ, ਜੀਵ-ਜੰਤੂ ਦੀ ਰੱਖਿਆ ਕਰਨ ਦੇ ਨਾਲ ਨਾਲ, ਕੁਦਰਤੀ ਸੰਤੁਲਨ ਨੂੰ ਯਕੀਨੀ ਬਣਾਇਆ ਜਾ ਸਕੇ।
