ਛੋਟੇ ਕਾਰੋਬਾਰਾਂ ਨੂੰ ਹੁਣ ਤੋਂ 3 ਦਿਨਾਂ ਵਿੱਚ ਮਿਲੇਗੀ ਜੀਐਸਟੀ ਰਜਿਸਟ੍ਰੇਸ਼ਨ

ਨਵੀਂ ਦਿੱਲੀ- ਜੀ.ਐਸ.ਟੀ. ਵਿਭਾਗ ਸ਼ਨਿੱਚਰਵਾਰ ਤੋਂ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਇੱਕ ਸਰਲ ਜੀ.ਐਸ.ਟੀ. ਰਜਿਸਟ੍ਰੇਸ਼ਨ ਸਕੀਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਸਕੀਮ ਤਹਿਤ ਛੋਟੇ ਅਤੇ ਘੱਟ-ਜੋਖਮ ਵਾਲੇ ਕਾਰੋਬਾਰਾਂ ਨੂੰ 3 ਕੰਮਕਾਜੀ ਦਿਨਾਂ ਦੇ ਅੰਦਰ ਜੀ.ਐਸ.ਟੀ. ਰਜਿਸਟ੍ਰੇਸ਼ਨ ਮਿਲ ਜਾਵੇਗੀ।
ਉਹ ਛੋਟੇ ਅਤੇ ਘੱਟ-ਜੋਖਮ ਵਾਲੇ ਕਾਰੋਬਾਰੀ ਬਿਨੈਕਾਰ, ਜਿਨ੍ਹਾਂ ਦੀ ਪਛਾਣ ਵਸਤਾਂ ਅਤੇ ਸੇਵਾਵਾਂ ਟੈਕਸ (ਜੀ.ਐਸ.ਟੀ.) ਸਿਸਟਮ ਡਾਟਾ ਵਿਸ਼ਲੇਸ਼ਣ ਦੇ ਆਧਾਰ ’ਤੇ ਕਰਦਾ ਹੈ, ਜਾਂ ਉਹ ਬਿਨੈਕਾਰ ਜੋ ਸਵੈ-ਮੁਲਾਂਕਣ ਕਰਦੇ ਹਨ ਕਿ ਉਨ੍ਹਾਂ ਦੀ ਆਉਟਪੁੱਟ ਟੈਕਸ ਦੇਣਦਾਰੀ ਪ੍ਰਤੀ ਮਹੀਨਾ 2.5 ਲੱਖ ਰੁਪਏ ਤੋਂ ਵੱਧ ਨਹੀਂ ਹੋਵੇਗੀ, ਉਹ ਇਸ ਸਕੀਮ ਨੂੰ ਅਪਣਾ ਸਕਣਗੇ।
ਕੇਂਦਰ ਅਤੇ ਰਾਜਾਂ ਦੇ ਵਿੱਤ ਮੰਤਰੀਆਂ ਦੀ ਬਣੀ ਜੀ.ਐਸ.ਟੀ. ਕੌਂਸਲ ਨੇ ਆਪਣੀ 3 ਸਤੰਬਰ ਦੀ ਮੀਟਿੰਗ ਵਿੱਚ ਇਸ ਸਰਲ ਰਜਿਸਟ੍ਰੇਸ਼ਨ ਸਕੀਮ ਨੂੰ ਮਨਜ਼ੂਰੀ ਦਿੱਤੀ ਸੀ।
ਇਹ ਸਕੀਮ ਇਸ ਵਿੱਚ ਸਵੈ-ਇੱਛਾ ਨਾਲ ਸ਼ਾਮਲ ਹੋਣ ਅਤੇ ਬਾਹਰ ਨਿਕਲਣ ਦੀ ਵਿਵਸਥਾ ਪ੍ਰਦਾਨ ਕਰੇਗੀ।
ਗ਼ਾਜ਼ੀਆਬਾਦ ਵਿਖੇ ਸੀ.ਜੀ.ਐਸ.ਟੀ. ਇਮਾਰਤ ਦੇ ਉਦਘਾਟਨ ਮੌਕੇ ਬੋਲਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ 1 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਸਰਲ ਜੀ.ਐਸ.ਟੀ. ਰਜਿਸਟ੍ਰੇਸ਼ਨ ਸਕੀਮ ਨਾਲ 96 ਫੀਸਦੀ ਨਵੇਂ ਬਿਨੈਕਾਰਾਂ ਨੂੰ ਲਾਭ ਹੋਣ ਦੀ ਉਮੀਦ ਹੈ। ਸੀਤਾਰਮਨ ਨੇ ਕਿਹਾ ਸੀ, ‘‘ਫੀਲਡ ਫਾਰਮੇਸ਼ਨ ਦਾ ਕੰਮ ਇਸਨੂੰ ਕਾਰਜਸ਼ੀਲ ਬਣਾਉਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਕਿਰਿਆ ਵਿੱਚ ਕੋਈ ਰੁਕਾਵਟ ਨਾ ਆਵੇ।’’
ਮੰਤਰੀ ਨੇ ਸੀ.ਬੀ.ਆਈ.ਸੀ. ਨੂੰ ਜੀ.ਐਸ.ਟੀ. ਰਜਿਸਟ੍ਰੇਸ਼ਨ ਲਈ ਜੀ.ਐਸ.ਟੀ. ਸੇਵਾ ਕੇਂਦਰਾਂ ਵਿਖੇ ਇੱਕ ਸਮਰਪਿਤ ਹੈਲਪ ਡੈਸਕ ਸਥਾਪਤ ਕਰਨ ਲਈ ਵੀ ਕਿਹਾ ਸੀ ਤਾਂ ਜੋ ਟੈਕਸਦਾਤਾਵਾਂ ਨੂੰ ਅਰਜ਼ੀ ਪ੍ਰਕਿਰਿਆ ਵਿੱਚ ਸਹੂਲਤ ਮਿਲ ਸਕੇ। ਵਰਤਮਾਨ ਵਿੱਚ 1.54 ਕਰੋੜ ਤੋਂ ਵੱਧ ਕਾਰੋਬਾਰ ਜੀ.ਐਸ.ਟੀ. ਅਧੀਨ ਰਜਿਸਟਰਡ ਹਨ।