ਐਸਆਈਆਰ ਜ਼ਿਲ੍ਹਾ ਚੋਣ ਅਫਸਰ ਵੱਲੋਂ ਸਮੀਖਿਆ ਮੀਟਿੰਗ

ਸੰਗਰੂਰ, 06 ਜੁਲਾਈ:- ਪੰਜਾਬ ਰਾਜ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) 2026 ਦੀ ਪ੍ਰਕਿਰਿਆ ਤਹਿਤ ਵੱਖ-ਵੱਖ ਮਿਤੀਬੱਧ ਗਤੀਵਿਧੀਆਂ ਦੀ ਸਮੀਖਿਆ ਕਰਨ ਲਈ ਜ਼ਿਲ੍ਹਾ ਸੰਗਰੂਰ ਅਧੀਨ ਆਉਂਦੇ ਪੰਜ ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸਟਰੇਸ਼ਨ ਅਫਸਰਾਂ-ਕਮ-ਉਪ ਮੰਡਲ ਮੈਜਿਸਟਰੇਟਸ ਸਮੇਤ ਵੱਖ ਵੱਖ ਅਧਿਕਾਰੀਆਂ ਨਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸੰਗਰੂਰ ਸ਼੍ਰੀਮਤੀ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੰਗਰੂਰ ਵਿਖੇ ਰੀਵਿਊ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਵੋਟਰਾਂ ਵੱਲੋਂ ਭਰੇ ਜਾਣ ਵਾਲੇ ਗਣਨਾ ਫਾਰਮਾਂ ਦੀ ਵੰਡ, ਫਾਰਮ ਇੱਕਠਾ ਕਰਨਾ, ਫਾਰਮਾਂ ਦੀ ਡਿਜੀਟਾਈਜੇਸ਼ਨ ਅਤੇ ਵੋਟਰ ਸੂਚੀ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਅਤੇ ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ, ਪ੍ਰਤੀ ਚੋਣ ਹਲਕੇ ਵਾਈਜ਼ ਹਰੇਕ ਸੁਪਰਵਾਈਜ਼ਰ ਨਾਲ ਗੱਲਬਾਤ ਕਰ ਕੇ ਫਾਰਮਾਂ ਦੀ ਕੁਲੈਕਸ਼ਨ ਅਤੇ ਤੁਰੰਤ ਡਿਜੀਟਾਈਜ਼ ਕਰਨ ਦੀ ਹਦਾਇਤ ਕੀਤੀ ਗਈ।
ਇਸ ਤੋਂ ਇਲਾਵਾ ਗਣਨਾ ਫਾਰਮਾਂ ਨੂੰ ਭਰਵਾਉਣ ਅਤੇ ਇਕੱਠਾ ਕਰਨ ਤੋਂ ਬਾਅਦ ਨੋਟਿਸ ਅਤੇ ਇਤਰਾਜ਼ਾਂ ਲਈ ਇੱਕ ਕਾਰਜਯੋਜਨਾ ਤਿਆਰ ਕਰਨ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ, ਤਾਂ ਜੋ ਸਪੈਸ਼ਲ ਇੰਟੈਂਸਿਵ ਰਿਵੀਜਨ-2026 ਦੌਰਾਨ ਕਿਸੇ ਵੀ ਯੋਗ ਵੋਟਰ ਦੀ ਵੋਟ ਨਾ ਕੱਟੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਅਹਿਮ ਮਿਤੀਬੱਧ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਸਬੰਧੀ ਕੰਮ ਦੀ ਵੰਡ ਅਤੇ ਆਪਸੀ ਤਾਲਮੇਲ ਬਣਾਏ ਰੱਖਣ ਲਈ ਵੀ ਕਿਹਾ।
ਡਿਪਟੀ ਕਮਿਸ਼ਨਰ ਸੰਗਰੂਰ ਨੇ ਕਿਹਾ ਕਿ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਕਿਸੇ ਵੀ ਸਹੀ ਵੋਟਰ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੋਣ ਤੋਂ ਨਾ ਰਹਿ ਜਾਵੇ ਅਤੇ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।