ਐੱਸਆਈਆਰ ਬੀਐੱਲਓਜ਼ ਨੂੰ ਗਲਤੀਆਂ ਦੂਰ ਕਰਨ ਦੇ ਨਿਰਦੇਸ਼

ਨਾਭਾ:- ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੇ ਐੱਸ ਆਈ ਆਰ ਲਈ ਮੁੱਢਲੀ ਪ੍ਰਕਿਰਿਆ ਮਗਰੋਂ ਬੀ.ਐੱਲ.ਓਜ਼. ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਵੋਟਰ ਸੂਚੀ ਵਿੱਚ ਗੈਰ-ਮਨੁੱਖੀ ਤਸਵੀਰਾਂ ਨਾ ਹੋਣ, ਇਸ ਨੂੰ ਚੈਕ ਕੀਤਾ ਜਾਵੇ। ਇਸ ਦੇ ਨਾਲ ਹੀ ਗਲਤੀਆਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਧੁੰਦਲੀ, ਬਲੈਕ ਐਂਡ ਵਾਈਟ ਤਸਵੀਰਾਂ ਜਾਂ ਤਸਵੀਰ ਦੀ ਅਣਹੋਂਦ ਨੂੰ ਵੀ ਰੰਗੀਨ ਤਸਵੀਰਾਂ ਨਾਲ ਬਦਲਿਆ ਜਾਵੇਗਾ।
ਜਾਰੀ ਨਿਰਦੇਸ਼ ਮੁਤਾਬਕ ਜਿੱਥੇ ਤਸਵੀਰ ਬਦਲਣ ਦੀ ਜ਼ਰੂਰਤ ਹੋਵੇ, ਉਥੇ ਜ਼ਮੀਨੀ ਪੱਧਰ ’ਤੇ ਪੁਸ਼ਟੀ ਕੀਤੀ ਜਾਵੇ ਤੇ ਵੋਟਰ ਕੋਲੋਂ ਫੋਰਮ ਨੰਬਰ 8 ਭਰਵਾ ਕੇ ਬਦਲਾਅ ਦਾ ਪੂਰਾ ਰਿਕਾਰਡ ਰੱਖਿਆ ਜਾਵੇ। ਇਸ ਤੋਂ ਇਲਾਵਾ ਨਾਮ, ਉਮਰ, ਲਿੰਗ, ਪਤਾ ਆਦਿ ਗਲਤੀਆਂ ਦੇ ਨਾਲ ਕੋਈ ਹੋਰ ਤਰਕਹੀਣ/ਬੇਤੁਕੀਆਂ" ਗਲਤੀਆਂ ਨੂੰ ਗੌਰ ਨਾਲ ਦੇਖਣ ਨੂੰ ਕਿਹਾ ਗਿਆ ਹੈ। ਜੇਕਰ ਕੋਈ ਵੋਟ ਕੱਟਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਫਾਰਮ ਨੰਬਰ 7 ਭਰਿਆ ਜਾਵੇ।
ਨਾਭਾ ਵਿਖੇ ਬੀ.ਐੱਲ.ਓ ਘਰ ਘਰ ਜਾ ਕੇ ਤਸਵੀਰਾਂ ਲੈਂਦੇ ਦੇਖੇ ਗਏ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਹੀ ਅੱਗੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਵੇਂ ਬਿਹਾਰ ਐੱਸ.ਆਈ.ਆਰ ਦੌਰਾਨ ਸੋਸ਼ਲ ਮੀਡੀਆ ਉੱਪਰ ਵੋਟਰ ਨਾਲ ਹੋਰ ਤਸਵੀਰਾਂ ਲਗਾਉਣ ਦਾ ਮਾਮਲਾ ਕਾਫੀ ਵਾਇਰਲ ਹੋਇਆ ਸੀ। ਹਾਲਾਂਕਿ ਅਜਿਹੀ ਕਿਸੇ ਘਟਨਾ ਦੀ ਅਧਿਕਾਰਤ ਪੁਸ਼ਟੀ ਨਾ ਹੋਈ, ਪਰ ਅਜਿਹੀ ਕੋਈ ਗਲਤੀ ਦੀ ਗੁੰਜਾਇਸ਼ ਨਾ ਹੋਵੇ ਸ਼ਾਇਦ ਇਸ ਲਈ ਚੋਣ ਕਮਿਸ਼ਨ ਵੱਲੋਂ ਉਕਤ ਨਿਰਦੇਸ਼ ਜਾਰੀ ਕੀਤੇ ਗਏ ਹਨ।
ਬੀ.ਐੱਲ.ਓਜ਼ ਨੇ ਦੱਸਿਆ ਕਿ ਦਿਨ ਵਿੱਚ ਐਪ ਦੇ ਬੇਹੱਦ ਹੌਲੀ ਹੋ ਜਾਣ ਦੀ ਦਿੱਕਤ ਆਉਂਦੀ ਹੈ, ਪਰ ਨਿਰਦੇਸ਼ ਆਉਣ ਤੋਂ ਬਾਅਦ ਕੰਮ ਨੂੰ ਜਲਦੀ ਕਰਕੇ ਦੇਣ ਦਾ ਦਬਾਅ ਬਣਿਆ ਰਹਿੰਦਾ ਹੈ।