ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਗੋਲੀਬਾਰੀ 9 ਮੌਤਾਂ 10 ਜ਼ਖਮੀ
ਜੋਹਾਨਸਬਰਗ:- ਦੱਖਣੀ ਅਫਰੀਕਾ ਦੇ ਜੋਹਾਨਸਬਰਗ ਦੇ ਪੱਛਮ ਵਿੱਚ ਸਥਿਤ ਬੇਕਰਸਡਲ ਟਾਊਨਸ਼ਿਪ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਵਿੱਚ 9 ਲੋਕ ਮਾਰੇ ਗਏ ਹਨ। ਦੱਖਣੀ ਅਫਰੀਕੀ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨਿਊਜ਼ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਅਲਜਜ਼ੀਰਾ ਦੀ ਰਿਪੋਰਟ ਵਿੱਚ ਪੁਲੀਸ ਅਨੁਸਾਰ ਦੱਖਣੀ ਅਫਰੀਕਾ ਵਿੱਚ ਜੋਹਾਨਸਬਰਗ ਸ਼ਹਿਰ ਦੇ ਨੇੜੇ ਇੱਕ ਟਾਊਨਸ਼ਿਪ ਵਿੱਚ ਬੰਦੂਕਧਾਰੀਆਂ ਨੇ ਇੱਕ ਟੈਵਰਨ (ਸ਼ਰਾਬਖਾਨੇ) ਵਿੱਚ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ ਨੌਂ ਲੋਕ ਮਾਰੇ ਗਏ ਅਤੇ 10 ਹੋਰ ਜ਼ਖਮੀ ਹੋ ਗਏ। ਐਤਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਪੁਲੀਸ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਸ਼ਾਮਲ ਵਿਅਕਤੀਆਂ ਦੀ ਭਾਲ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਇਹ ਘਟਨਾ ਬੇਕਰਸਡਲ ਟਾਊਨਸ਼ਿਪ ਵਿੱਚ ਸਥਾਨਕ ਸਮੇਂ ਅਨੁਸਾਰ ਰਾਤ 1 ਵਜੇ ਤੋਂ ਕੁਝ ਸਮਾਂ ਪਹਿਲਾਂ ਵਾਪਰੀ।
ਪੁਲਿਸ ਨੇ ਬਿਆਨ ਵਿੱਚ ਕਿਹਾ, "ਦੱਸਿਆ ਜਾ ਰਿਹਾ ਹੈ ਕਿ ਇੱਕ ਚਿੱਟੇ ਰੰਗ ਦੀ ਕੋਂਬੀ (ਵੈਨ) ਅਤੇ ਇੱਕ ਸਿਲਵਰ ਰੰਗ ਦੀ ਸੇਡਾਨ ਕਾਰ ਵਿੱਚ ਸਵਾਰ ਲਗਪਗ 12 ਅਣਪਛਾਤੇ ਸ਼ੱਕੀਆਂ ਨੇ ਟੈਵਰਨ ਵਿੱਚ ਮੌਜੂਦ ਲੋਕਾਂ 'ਤੇ ਗੋਲੀਆਂ ਚਲਾਈਆਂ ਅਤੇ ਘਟਨਾ ਵਾਲੀ ਥਾਂ ਤੋਂ ਫ਼ਰਾਰ ਹੁੰਦੇ ਸਮੇਂ ਵੀ ਅੰਨ੍ਹੇਵਾਹ ਗੋਲੀਬਾਰੀ ਜਾਰੀ ਰੱਖੀ।" ਪੁਲੀਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਕਤ ਟੈਵਰਨ ਲਾਇਸੰਸਸ਼ੁਦਾ ਸੀ।
ਦੱਖਣੀ ਅਫਰੀਕੀ ਜਨਤਕ ਪ੍ਰਸਾਰਕ ਦੀ ਰਿਪੋਰਟ ਅਨੁਸਾਰ ਅਣਪਛਾਤੇ ਬੰਦੂਕਧਾਰੀਆਂ ਨੇ ਟੈਵਰਨ ਦੇ ਅੰਦਰ ਬੈਠੇ ਗਾਹਕਾਂ ਅਤੇ ਬਾਹਰ ਸੜਕਾਂ 'ਤੇ ਮੌਜੂਦ ਲੋਕਾਂ 'ਤੇ ਗੋਲੀਆਂ ਚਲਾਈਆਂ। ਗੌਤੈਂਗ ਦੇ ਕਾਰਜਕਾਰੀ ਪੁਲੀਸ ਕਮਿਸ਼ਨਰ ਫਰੈੱਡ ਕੇਕਾਨਾ ਨੇ ਐਸ.ਏ.ਬੀ.ਸੀ. ਨੂੰ ਦੱਸਿਆ, "ਅਸੀਂ ਅਜੇ ਬਿਆਨ ਦਰਜ ਕਰਨ ਵਿੱਚ ਰੁੱਝੇ ਹੋਏ ਹਾਂ। ਸਾਡੀ ਰਾਸ਼ਟਰੀ ਅਪਰਾਧ ਅਤੇ ਪ੍ਰਬੰਧਨ ਟੀਮ ਪਹੁੰਚ ਚੁੱਕੀ ਹੈ।"
ਉਨ੍ਹਾਂ ਅੱਗੇ ਦੱਸਿਆ ਕਿ ਸੂਬਾਈ ਅਪਰਾਧ ਸੀਨ ਮੈਨੇਜਮੈਂਟ ਟੀਮ, ਸਥਾਨਕ ਕ੍ਰਿਮੀਨਲ ਰਿਕਾਰਡ ਸੈਂਟਰ ਦੀ ਟੀਮ, ਗੰਭੀਰ ਅਪਰਾਧ ਜਾਂਚ ਟੀਮ ਅਤੇ ਅਪਰਾਧ ਖੁਫੀਆ ਵਿਭਾਗ ਦੇ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਹਨ।
ਗੋਲੀਬਾਰੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 10 ਦੱਸੀ ਜਾ ਰਹੀ ਹੈ। ਗੌਤੈਂਗ ਸੂਬੇ ਦੀ ਪੁਲੀਸ ਬੁਲਾਰਾ ਬ੍ਰਿਗੇਡੀਅਰ ਬ੍ਰੈਂਡਾ ਮੁਰਿਦਿਲੀ ਨੇ ਨਿਊਜ਼ ਏਜੰਸੀ ਏ.ਐੱਫ.ਪੀ. ਨੂੰ ਦੱਸਿਆ, "ਦਸ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਡੇ ਕੋਲ ਅਜੇ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਕਿ ਮਾਰੇ ਗਏ ਲੋਕ ਕੌਣ ਹਨ।"
