ਸ਼ਿਵਾਲਿਕ ਹਾਈਕ ਐਂਡ ਟ੍ਰੈਕ ਕਲੱਬ ਰਜਿ ਹੁਸ਼ਿਆਰਪੁਰ ਵਲੋਂ 5 ਹਜ਼ਾਰ ਪੌਦੇ ਲਗਾਉਣ ਦਾ ਸੰਕਲਪ

ਹੁਸ਼ਿਆਰਪੁਰ:- ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਸੁਰੱਖਿਅਤ ਰੱਖਣ ਅਤੇ ਲੋਕਾਂ ਨੂੰ ਕੁਦਰਤ ਨਾਲ ਜੋੜਨ ਦੀ ਦਿਸ਼ਾ ਵਿੱਚ ਸ਼ਿਵਾਲਿਕ ਹਾਈਕ ਐਂਡ ਟ੍ਰੈਕ ਕਲੱਬ ਰਜਿਸਟਰਡ, ਹੁਸ਼ਿਆਰਪੁਰ ਇਕ ਮਿਸਾਲ ਬਣ ਕੇ ਉਭਰਿਆ ਹੈ। ਇਹ ਕਲੱਬ ਸਿਰਫ ਟ੍ਰੈਕਿੰਗ ਤੱਕ ਸੀਮਿਤ ਨਹੀਂ ਹੈ, ਸਗੋਂ ਵਾਤਾਵਰਣ ਸੰਭਾਲ, ਫਿਟਨੈੱਸ ਅਤੇ ਸਮਾਜਿਕ ਸੇਵਾ ਨੂੰ ਇਕੱਠਾ ਜੋੜਦਿਆਂ ਸਮਾਜ ਨੂੰ ਨਵੀਂ ਸੋਚ ਦੇ ਰਿਹਾ ਹੈ। ਹਰ ਐਤਵਾਰ ਕਲੱਬ ਦੇ ਮੈਂਬਰ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਹਾਈਕ ਅਤੇ ਟ੍ਰੈਕ ਕਰਦੇ ਹਨ, ਜਿੱਥੇ ਮੋਬਾਇਲ ਅਤੇ ਡਿਜੀਟਲ ਦੁਨੀਆ ਤੋਂ ਦੂਰ ਰਹਿ ਕੇ ਲੋਕ ਕੁਦਰਤ ਦੀ ਗੋਦ ਵਿੱਚ ਸਕੂਨ ਅਤੇ ਮਾਨਸਿਕ ਸੰਤੁਲਨ ਮਹਿਸੂਸ ਕਰਦੇ ਹਨ।
 ਵਾਤਾਵਰਣ ਸੰਭਾਲ ਨੂੰ ਹੋਰ ਮਜ਼ਬੂਤ ਕਰਦਿਆਂ ਕਲੱਬ ਨੇ ਆਉਣ ਵਾਲੇ ਮਾਨਸੂਨ ਦੌਰਾਨ ਹੁਸ਼ਿਆਰਪੁਰ ਦੇ ਸਰਹੱਦੀ ਇਲਾਕਿਆਂ ਵਿੱਚ 5,000 ਨਵੇਂ ਪੌਦੇ ਲਗਾਉਣ ਦਾ ਵੱਡਾ ਐਲਾਨ ਕੀਤਾ ਹੈ। ਇਸ ਅਭਿਆਨ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਕਲੱਬ ਦੇ ਮੈਂਬਰ ਹਰ ਐਤਵਾਰ ਨਿਸ਼ਚਿਤ ਕੀਤੇ ਇਲਾਕਿਆਂ ਵਿੱਚ ਜਾ ਕੇ ਪੌਧੇ ਲਗਾਉਣ ਲਈ ਥਾਵਾਂ ਦੀ ਮਾਰਕਿੰਗ ਕਰ ਰਹੇ ਹਨ ਅਤੇ ਖੱਡੇ ਖੋਦਣ ਦਾ ਕੰਮ ਕਰ ਰਹੇ ਹਨ, ਤਾਂ ਜੋ ਮਾਨਸੂਨ ਆਉਂਦੇ ਹੀ ਵੱਡੇ ਪੱਧਰ ‘ਤੇ ਪੌਧੇ ਲਗਾਏ ਜਾ ਸਕਣ। ਕਲੱਬ ਦਾ ਮੰਨਣਾ ਹੈ ਕਿ ਜੇ ਅੱਜ ਸਹੀ ਸਮੇਂ ‘ਤੇ ਤਿਆਰੀ ਕੀਤੀ ਜਾਵੇ, ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆਵਲ ਅਤੇ ਸਾਫ਼ ਵਾਤਾਵਰਣ ਯਕੀਨੀ ਬਣਾਇਆ ਜਾ ਸਕਦਾ ਹੈ।
ਫਿਟਨੈੱਸ ਦੇ ਖੇਤਰ ਵਿੱਚ ਵੀ ਸ਼ਿਵਾਲਿਕ ਹਾਈਕ ਐਂਡ ਟ੍ਰੈਕ ਕਲੱਬ ਦੀ ਭੂਮਿਕਾ ਕਾਬਿਲ-ਏ-ਤਾਰੀਫ ਹੈ। ਨਿਯਮਿਤ ਹਾਈਕ ਅਤੇ ਟ੍ਰੈਕ ਨਾਲ ਲੋਕਾਂ ਨੂੰ ਸਿਰਫ ਸਰੀਰਕ ਤੰਦਰੁਸਤੀ ਹੀ ਨਹੀਂ ਮਿਲਦੀ, ਸਗੋਂ ਤਣਾਅ ਤੋਂ ਰਾਹਤ ਅਤੇ ਮਾਨਸਿਕ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਕਲੱਬ ਦੀਆਂ ਗਤਿਵਿਧੀਆਂ ਇੱਥੇ ਹੀ ਸੀਮਿਤ ਨਹੀਂ ਹਨ। ਇਹ ਟੀਮ ਪਰਿਵਾਰਾਂ ਸਮੇਤ ਨਾਈਟ ਕੈਂਪਿੰਗ ਕਰਦੀ ਹੈ, ਜੰਗਲ ਅਤੇ ਟ੍ਰੇਲਜ਼ ਦੀ ਸਫਾਈ ਕਰਦੀ ਹੈ ਅਤੇ ਗਰਮੀਆਂ ਵਿੱਚ ਜੰਗਲੀ ਜਾਨਵਰਾਂ ਲਈ ਪਾਣੀ ਦੇ ਛੋਟੇ-ਛੋਟੇ ਗੜ੍ਹੇ ਵੀ ਤਿਆਰ ਕਰਦੀ ਰਹਿੰਦੀ ਹੈ।
 ਇਨ੍ਹਾਂ ਯਤਨਾਂ ਕਾਰਨ ਕਲੱਬ ਨੂੰ ਸਥਾਨਕ ਸਮੁਦਾਇ ਵੱਲੋਂ ਭਰਪੂਰ ਸਹਿਯੋਗ ਅਤੇ ਸਨਮਾਨ ਮਿਲ ਰਿਹਾ ਹੈ।ਕਲੱਬ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਵਿਭਿੰਨ ਮੈਂਬਰਸ਼ਿਪ ਹੈ। ਇੱਥੇ ਇੰਜੀਨੀਅਰ, ਬਿਜ਼ਨਸਮੈਨ, ਅਧਿਆਪਕ, ਪ੍ਰੋਫੈਸਰ, ਐਡਵੋਕੇਟ ਅਤੇ ਇੱਥੋਂ ਤੱਕ ਕਿ ਕੁਝ ਜੱਜ ਵੀ ਸਰਗਰਮ ਤੌਰ ‘ਤੇ ਜੁੜੇ ਹੋਏ ਹਨ। ਵੱਖ-ਵੱਖ ਖੇਤਰਾਂ ਦੇ ਲੋਕਾਂ ਦਾ ਇਹ ਮਿਲਾਪ ਕਲੱਬ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ ਅਤੇ ਸਮਾਜ ਦੇ ਹਰ ਵਰਗ ਤੱਕ ਇਸ ਦਾ ਸੰਦੇਸ਼ ਪਹੁੰਚਾਉਂਦਾ ਹੈ।