ਬਾਲੀ ਜਠੇਰਿਆਂ ਦੇ ਮੇਲੇ ਮੌਕੇ ਲੜਕੀਆਂ ਨੂੰ ਦਿੱਤੀਆਂ ਸਿਲਾਈ ਮਸ਼ੀਨਾਂ
ਨਵਾਂਸ਼ਹਿਰ- ਨਜ਼ਦੀਕ ਕੀ ਪਿੰਡ ਮੁਜੱਫਰਪੁਰ ਦੇ ਬਾਲੀ ਗੋਤ ਜਠੇਰਿਆਂ ਦੇ ਸਲਾਨਾ ਮੇਲੇ ਮੌਕੇ ਬੜੀ ਸ਼ਰਧਾ ਨਾਲ ਧਾਰਮਿਕ ਰਸਮਾਂ ਉਪਰੰਤ ਝੰਡੇ ਦੀ ਰਸਮ ਕੀਤੀ ਗਈ ਅਤੇ ਬਾਲੀ ਜਠੇਰਿਆਂ ਦੇ ਅਸਥਾਨ ਤੇ ਦੂਰ ਦੁਰਾਡੇ ਤੋਂ ਸੰਗਤਾਂ ਨਤਮਸਤਕ ਹੋਈਆਂ। ਇਸ ਮੌਕੇ ਪ੍ਰਬੰਧਕ ਕਮੇਟੀ ਬਾਲੀ ਜਠੇਰਿਆਂ ਵੱਲੋਂ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ।
ਇਸ ਮੌਕੇ ਵਿਸ਼ੇਸ਼ ਤੌਰ ਤੇ ਕੁਮਾਰੀ ਸੰਤੋਸ਼ ਰਾਣੀ ਜਰਮਨੀ ਨੇ ਬੋਲਦਿਆਂ ਕਿਹਾ ਕਿ ਅੱਜ ਲੜਕੀਆਂ ਨੂੰ ਸਵੈ ਨਿਰਭਰ ਹੋਣ ਦੀ ਲੋੜ ਹੈ। ਸਭੈ ਨਿਰਭਰ ਹੋਣ ਲਈ ਲੜਕੀ ਦਾ ਕਿੱਤਾ ਮੁਖੀ ਹੋਣਾ ਬਹੁਤ ਜਰੂਰੀ ਹੈ। ਇਸ ਕਰਕੇ ਸਾਡੀ ਕੋਸ਼ਿਸ਼ ਹੈ ਕਿ ਜਿਹੜੀਆਂ ਵੀ ਲੋੜਵੰਦ ਗਰੀਬ ਘਰਾਂ ਦੀਆਂ ਲੜਕੀਆਂ ਜਾਂ ਵਿਧਵਾ ਬੀਬੀਆਂ ਸਿਲਾਈ ਸਿੱਖ ਚੁੱਕੀਆਂ ਹਨ। ਅਗਰ ਉਹ ਮਸ਼ੀਨ ਲੈਣ ਤੋਂ ਅਸਮਰੱਥ ਹਨ ਤਾਂ ਉਹਨਾਂ ਨੂੰ ਹਰੇਕ ਸਾਲ ਬਾਲੀ ਜਠੇਰਿਆਂ ਦੀ ਪ੍ਰਬੰਧਕ ਕਮੇਟੀ ਰਾਹੀਂ ਸਿਲਾਈ ਮਸ਼ੀਨਾਂ ਵੰਡੀਆਂ ਜਾਣਗੀਆਂ।
ਅੱਜ ਦੇ ਮੇਲੇ ਮੌਕੇ ਵੀ 10 ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇਸ ਮੌਕੇ ਪ੍ਰਬੰਧਕ ਕਮੇਟੀ ਤੋਂ ਦੇਸ ਰਾਜ ਬਾਲੀ ਮੁਬਾਰਕਪੁਰ ਜਗਦੀਸ਼ ਰਾਏ ਬਾਲੀ, ਕੁਮਾਰੀ ਸੰਤੋਸ਼ ਰਾਣੀ ਜਰਮਨੀ ਜਸਪਾਲ ਗੋਲ੍ਹੜੋਂ ਰਾਮਜੀ ਦਾਸ ਮੁਬਾਰਕਪੁਰ ਬਖਸ਼ੀਸ਼ ਸਿੰਘ, ਸੁਰਿੰਦਰ ਪਾਲ, ਮਦਨ ਲਾਲ ਰਾਣੀਪੁਰ ਅਤੇ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਨੇ ਇਸ ਮੇਲੇ ਦਾ ਆਨੰਦ ਮਾਣਿਆ ਅਤੇ ਆਪਣੇ ਵੱਡੇ ਵਡੇਰਿਆਂ ਦੇ ਨਤਮਸਤਕ ਹੋਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਾਰਾ ਦਿਨ ਲੰਗਰ ਅਤੁੱਟ ਵਰਤਾਇਆ ਗਿਆ।
