ਗੁਜਰਾਤ ਦੇ ਵਲਸਾਡ ਵਿੱਚ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਸੱਤ ਹਲਾਕ

ਵਲਸਾਡ:- ਗੁਜਰਾਤ ਦੇ ਵਲਸਾਡ ਜ਼ਿਲ੍ਹੇ ਦੇ ਕੁੰਭਘਾਟ ਇਲਾਕੇ ਵਿੱਚ ਸ਼ੁੱਕਰਵਾਰ ਦੁਪਹਿਰੇ ਇੱਕ ਕਾਰ ਖੜ੍ਹੇ ਟਰੱਕ ਵਿੱਚ ਜਾ ਵੱਜੀ ਜਿਸ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਐਸ.ਐਲ. ਵਸਾਵਾ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 1 ਵਜੇ ਉਸ ਸਮੇਂ ਵਾਪਰੀ ਜਦੋਂ ਇੱਕ ਪਹਾੜੀ ਰਸਤੇ ਤੋਂ ਉਤਰਦੇ ਸਮੇਂ ਪਿੱਛੋਂ ਆ ਰਹੇ ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ।
ਇਸ ਟੱਕਰ ਕਾਰਨ ਕਾਰ ਬੇਕਾਬੂ ਹੋ ਕੇ ਅੱਗੇ ਖੜ੍ਹੇ ਇੱਕ ਹੋਰ ਟਰੱਕ ਵਿੱਚ ਜਾ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰਾਂ ਨੇ ਨੇੜਲੇ ਸਿਹਤ ਕੇਂਦਰ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮਰਨ ਵਾਲਿਆਂ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਹਨ। ਇਹ ਸਾਰੇ ਲੋਕ ਕਾਰਪਾੜਾ ਤਾਲੁਕਾ ਦੇ ਅੰਬਾ ਜੰਗਲ ਪਿੰਡ ਦੇ ਰਹਿਣ ਵਾਲੇ ਸਨ ਅਤੇ ਨਾਨਾ ਪੋਂਡਾ ਵੱਲ ਜਾ ਰਹੇ ਸਨ। ਸਥਾਨਕ ਵਿਧਾਇਕ ਜੀਤੂ ਚੌਧਰੀ ਨੇ ਦੱਸਿਆ ਕਿ ਜਿਸ ਜਗ੍ਹਾ ਇਹ ਹਾਦਸਾ ਵਾਪਰਿਆ, ਇੱਥੇ ਪਹਿਲਾਂ ਹੀ ਸੜਕ ਹਾਦਸੇ ਹੁੰਦੇ ਆਏ ਹਨ।