ਸੀਨੀਅਰ ਸਿਟੀਜਨਜ਼ ਨੇ ਮੀਟਿੰਗ 'ਚ ਕੀਤੀਆਂ ਵਿਚਾਰਾਂ।
ਨਵਾਂਸ਼ਹਿਰ- ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ ਮਾਸਿਕ ਮੀਟਿੰਗ ਚੇਅਰਮੈਨ ਡਾ. ਜੇਡੀ ਵਰਮਾ ਦੀ ਸਰਪ੍ਰਸਤੀ ਅਤੇ ਪ੍ਰਧਾਨ ਪ੍ਰੋਫੈਸਰ ਐਸ ਕੇ ਬਰੂਟਾ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਨਵਾਂਸ਼ਹਿਰ ਵਿਖੇ ਹੋਈ। ਮੀਟਿੰਗ ਦੇ ਆਰੰਭ ਵਿਚ ਡਾ. ਜੇਡੀ ਵਰਮਾ ਵਲੋਂ ਸਮੂਹ ਹਾਜ਼ਰ ਮੈਂਬਰਾਂ ਨੂੰ ਸੁਤੰਤਰਤਾ ਦਿਵਸ ਅਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਪ੍ਰੋਫੈਸਰ ਬਰੂਟਾ ਵਲੋਂ ਪਿਛਲੇ ਮਹੀਨੇ ਹੋਈ ਮੀਟਿੰਗ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਗਿਆ।
ਜਨਰਲ ਸਕੱਤਰ ਐਸ ਕੇ ਪੁਰੀ ਵਲੋਂ ਅੱਜ ਦੀ ਮੀਟਿੰਗ ਦੇ ਅਜੰਡੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸੋਸੀਏਸ਼ਨ ਵਲੋਂ ਮਿਤੀ 18 ਅਗਸਤ 2025 ਨੂੰ ਸਵੇਰੇ 9:30 ਵਜੇ ਦੁਆਬਾ ਆਰੀਆ ਸਕੂਲ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਰੁੱਖ / ਬੂਟੇ ਲਗਾਉਣ ਅਤੇ ਮਿਤੀ 21 ਅਗਸਤ 2025 ਦਿਨ ਵੀਰਵਾਰ ਨੂੰ ਸਵੇਰੇ 9:30 ਵਜੇ ਬਲੱਡ ਡੋਨਰਜ਼ ਕੌਂਸਲ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਖੂਨਦਾਨ ਕੈਂਪ ਲਗਾਉਣ ਦੇ ਪ੍ਰੋਜੈਕਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰੇਕ ਖੂਨਦਾਨੀ ਨੂੰ ਐਸੋਸੀਏਸ਼ਨ ਵਲੋਂ ਖੂਬਸੂਰਤ ਤੋਹਫੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਐਸ ਕੇ ਪੁਰੀ ਵਲੋਂ ਸਮੂਹ ਮੈਂਬਰਾਂ ਨੂੰ ਇਨ੍ਹਾਂ ਪ੍ਰੋਜੈਕਟਾਂ ਵਿਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਤੋਂ ਬਾਅਦ ਜਿਨ੍ਹਾਂ ਮੈਂਬਰਾਂ ਦੇ ਅਗਸਤ ਮਹੀਨੇ ਵਿਚ ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ ਆਉਂਦੇ ਹਨ ਉਨ੍ਹਾਂ ਨੂੰ ਪ੍ਰਧਾਨਗੀ ਮੰਡਲ ਵਲੋਂ ਫੁੱਲ ਦੇ ਕੇ ਸ਼ੁਭਕਾਮਨਾਵਾਂ ਅਤੇ ਮੁਬਾਰਕਬਾਦ ਦਿੱਤੀਆਂ ਗਈਆਂ। ਮੈਂਬਰਾਂ ਦੇ ਮਨੋਰੰਜਨ ਲਈ ਮੈਂਬਰ ਜੀਵਨ ਕੁਮਾਰ ਪਾਠਕ ਨੇ ਦੇਸ਼ ਪਿਆਰ ਦਾ ਗੀਤ ਗਾਇਆ। ਸੁਖਦੇਵ ਸ਼ਰਮਾ ਨੇ ਰੱਖੜੀ ਅਤੇ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਆਪਣੀ ਰਚਨਾ ਪੜ੍ਹੀ।
ਲਲਿਤ ਓਹਰੀ , ਸਰਵਣ ਰਾਮ ਅਤੇ ਸੰਤੋਖ ਸਿੰਘ ਸਮੁੰਦੜਾ ਅਤੇ ਸ਼ਾਮ ਲਾਲ ਬੱਸੀ ਨੇ ਵੀ ਗੀਤ ਅਤੇ ਚੁਟਕਲੇ ਸੁਣਾ ਕੇ ਮਨੋਰੰਜਨ ਕੀਤਾ। ਲਖਵੀਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਮੈਂਬਰ ਬਾਲ ਕਿਸ਼ਨ ਨੇ ' ਕਭੀ ਰਾਮ ਬਨ ਕੇ , ਕਭੀ ਸ਼ਾਮ ਬਨ ਕੇ , ਪ੍ਰਭੂ ਜੀ ਚਲੇ ਆਨਾ ' ਭਜਨ ਸੁਣਾਇਆ। ਮੈਂਬਰ ਅਰੁਣਾ ਸ਼ਰਮਾ ਨੇ 'ਕਾਲਾ ਸ਼ਾਹ ਕਾਲਾ ' ਗੀਤ ਗਾਇਆ। ਮੈਂਬਰ ਜਗਦੀਸ਼ ਸਿੰਘ ਅਤੇ ਮੋਹਣ ਲਾਲ ਗੌਤਮ ਵਲੋਂ ਪੰਜਾਬੀ ਦੇ ਉੱਘੇ ਕਵੀ ਪ੍ਰੋਫੈਸਰ ਮੋਹਣ ਸਿੰਘ ਦੀਆਂ ਕਵਿਤਾਵਾਂ ਸੁਣਾਈਆਂ।
ਇਲਾਕੇ ਦੇ ਉੱਘੇ ਗਾਇਕ ਵਾਸੁਦੇਵ ਪ੍ਰਦੇਸੀ ਵਲੋਂ ਬਜ਼ੁਰਗਾਂ ਨੂੰ ਸਮਰਪਿਤ ਗੀਤ ' ਘਰ ਤਾਂ ਸਭ ਦੇ ਸੋਹਣੇ ਹੁੰਦੇ , ਪਰ ਸੋਹਣੇ ਹੁੰਦੇ ਜੀਆਂ ਨਾਲ ' ਸੁਣਾ ਕੇ ਮੈਂਬਰਾਂ ਦਾ ਮਨੋਰੰਜਨ ਕੀਤਾ। ਇਸ ਤੋਂ ਬਾਅਦ ਸਭ ਨੇ ਹਰਿਆਲੀ ਤੀਜ 'ਤੇ ਮਾਲ੍ਹ - ਪੂੜਿਆਂ ਦੇ ਸੁਆਦ ਦਾ ਆਨੰਦ ਮਾਣਿਆ। ਅੰਤ ਵਿਚ ਚੇਅਰਮੈਨ ਵਲੋਂ ਮੀਟਿੰਗ ਵਿਚ ਹਾਜ਼ਰ ਆਏ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।
