ਖਾਲਸਾ ਕਾਲਜ ਮਾਹਿਲਪੁਰ ਵਿੱਚ ਵਿਜੀਲੈਂਸ ਜਾਗਰੂਕਤਾ ਹਫਤੇ ਤਹਿਤ ਸੈਮੀਨਾਰ ਦਾ ਆਯੋਜਨ
ਹੁਸ਼ਿਆਰਪੁਰ- ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦੇਸ਼ ਦੇ ਲੋਹ ਪੁਰਸ਼ ਆਜ਼ਾਦੀ ਸੰਗਰਾਮੀਏ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਸਮਰਪਿਤ ਚੌਕਸੀ ਜਾਗਰੂਕਤਾ ਹਫਤੇ ਤਹਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਐਸਐਸਪੀ ਹਰਪ੍ਰੀਤ ਸਿੰਘ ਮੰਡੇਰ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਐਸਪੀ ਮੇਜਰ ਸਿੰਘ ਪੰਜਾਬ ਬਿਊਰੋ ਇਨਵੈਸਟੀਗੇਸ਼ਨ, ਐਸਡੀਐਮ ਸੰਜੀਵ ਕੁਮਾਰ ਅਤੇ ਡੀਐਸਪੀ ਮਨਦੀਪ ਸਿੰਘ ਸੇਖੋਂ ਵਿਜੀਲੈਂਸ ਬਿਊਰੋ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਸਮਾਰੋਹਾਂ ਦਾ ਹਿੱਸਾ ਬਣ ਕੇ ਵੱਧ ਤੋਂ ਵੱਧ ਗਿਆਨਵਾਨ ਹੋਣ ਦੀ ਪ੍ਰੇਰਨਾ ਦਿੱਤੀ ਐਸਐਸਪੀ ਹਰਪ੍ਰੀਤ ਸਿੰਘ ਮੰਡੇਰ ਨੇ ਵਿਜੀਲੈਂਸ ਬਿਊਰੋ ਦੇ ਕੰਮਕਾਰ ਦੇ ਢੰਗ, ਭ੍ਰਿਸਟਾਚਾਰ ਵਿਰੋਧੀ ਕਾਰਵਾਈਆਂ ਸਬੰਧੀ ਕਾਰਜਸ਼ੀਲ ਐਕਟਾਂ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਦਾ ਇਹ ਜਾਗਰੂਕਤਾ ਹਫਤਾ 'ਸਭ ਦੀ ਜਿੰਮੇਵਾਰੀ' ਦੇ ਥੀਮ 'ਤੇ ਅਧਾਰਤ ਹੈ। ਜਿਸ ਤਹਿਤ ਸਮਾਜ ਦੇ ਸਾਰੇ ਵਸਨੀਕਾਂ ਨੂੰ ਆਪਣੀ ਜਿੰਮੇਵਾਰੀ ਤਹਿਤ ਭ੍ਰਿਸ਼ਟ ਅਧਿਕਾਰੀਆਂ ਬਾਰੇ ਹਰ ਤਰ੍ਹਾਂ ਦੀ ਸੂਚਨਾ ਵਿਭਾਗ ਨੂੰ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਚੰਗਾ, ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ ਅਤੇ ਇਸ ਨਾਲ ਹੀ ਭ੍ਰਿਸਟਾਚਾਰ ਮੁਕਤ ਸਮਾਜ ਦੀ ਨੀਂਹ ਰੱਖੀ ਜਾ ਸਕਦੀ ਹੈ। ਇਸ ਮੌਕੇ ਐਸਪੀ ਮੇਜਰ ਸਿੰਘ ਨੇ ਰਿਸ਼ਵਤ ਖੋਰੀ ਨੂੰ ਸਮਾਜ ਲਈ ਵੱਡਾ ਸ਼ਰਾਪ ਦੱਸਿਆ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੂੰ ਖਤਮ ਕਰਨ ਲਈ ਵਿਭਾਗ ਵਲੋਂ ਜਾਰੀ ਟੋਲ ਫ੍ਰੀ ਨੰਬਰਾਂ 'ਤੇ ਕਿਸੇ ਵੇਲੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਬਿਊਰੋ ਵੱਲੋਂ 27 ਅਕਤੂਬਰ ਤੋਂ 2 ਨਵੰਬਰ ਤੱਕ ਮਨਾਏ ਜਾ ਰਹੇ ਇਸ ਜਾਗਰੂਕਤਾ ਹਫਤੇ ਦਾ ਮੁੱਖ ਉਦੇਸ਼ ਸਮਾਜਿਕ ਚੇਤਨਾ ਪੈਦਾ ਕਰਨਾ ਹੈ । ਸਮਾਰੋਹ ਮੌਕੇ ਐਸਡੀਐਮ ਸੰਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਚੰਗੇ ਸਮਾਜ ਦੀ ਉਸਾਰੀ ਦਾ ਸੱਦਾ ਦਿੱਤਾ ਅਤੇ ਭ੍ਰਿਸਟਾਚਾਰ ਵਿਰੁੱਧ ਹਰ ਤਰ੍ਹਾਂ ਦੇ ਸਹਿਯੋਗ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡੀਐਸਪੀ ਮਨਦੀਪ ਸਿੰਘ ਸੇਖੋਂ ਦੀ ਅਗਵਾਈ ਹੇਠ ਹੋਈ ਸਹੁੰ ਚੁੱਕ ਸਮਾਰੋਹ ਵਿੱਚ ਵਿਦਿਆਰਥੀਆਂ ਨੇ ਜ਼ਿੰਦਗੀ ਵਿੱਚ ਕਦੇ ਵੀ ਰਿਸ਼ਵਤ ਨਾ ਲੈਣ ਅਤੇ ਨਾ ਹੀ ਰਿਸ਼ਵਤ ਦੇ ਕੇ ਕੰਮ ਕਰਵਾਉਣ ਦਾ ਸੰਕਲਪ ਲਿਆ ਇਸ ਮੌਕੇ ਮੈਡਮ ਸਾਕਸ਼ੀ ਸ਼ਰਮਾ ਇੰਸਪੈਕਟਰ ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਬਿਊਰੋ ਦੇ ਉਦੇਸ਼ ਅਤੇ ਕਾਰਵਾਈ ਬਾਰੇ ਵਿਦਿਆਰਥੀ ਨਾਲ ਜਾਣਕਾਰੀ ਸਾਂਝੀ ਕੀਤੀ।
ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਪ੍ਰੋਫੈਸਰ ਅਪਿੰਦਰ ਸਿੰਘ ਦੀ ਅਗਵਾਈ ਹੇਠ ਹੋਏ ਸਨਮਾਨ ਸਮਾਰੋ ਮੌਕੇ ਬੁਲਾਰਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਰਣਬੀਰ ਸਿੰਘ, ਨਗਰ ਪੰਚਾਇਤ ਦੇ ਪ੍ਰਧਾਨ ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਮੁੱਗੋਵਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਾਲਜ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਮੰਚ ਦੀ ਕਾਰਵਾਈ ਡਾ ਜੇ ਬੀ ਸੇਖੋਂ ਨੇ ਚਲਾਈ।
