ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਿਖੇ ਸੈਮੀਨਾਰ ਆਯੋਜਿਤ
ਨਵਾਂਸ਼ਹਿਰ:- ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਕਰਾਵਰ ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਸ੍ਰੀ ਕਰਨੈਲ ਸਿੰਘ (ਸਰਪੰਚ) ਜੀ ਨੇ ਕੀਤੀ। ਸ. ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਸ਼ਾ ਬਹੁਤ ਹੀ ਵੱਡੀ ਸਮੱਸਿਆ ਬਣ ਚੁੱਕਾ ਹੈ, ਕਿਉਕਿ ਅੱਜ ਜਿਆਦਾ ਗਿਣਤੀ ਵਿੱਚ ਨੌਜਵਾਨ ਵੀ ਨਸ਼ੇ ਦੀ ਗ੍ਰਿਫਤ ਵਿੱਚ ਆ ਰਹੇ ਹਨ।
ਛੋਟੀ ਉਮਰ ਵਿੱਚ ਬੱਚਿਆਂ ਨੂੰ ਨਸ਼ੇ ਦੇ ਪ੍ਰਤੀ ਜਾਣਕਾਰੀ ਨਹੀਂ ਹੁੰਦੀ ਜਿਸ ਨਾਲ ਉਹ ਜਾਣੇ ਅਣਜਾਣੇ ਜਾਂ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਨਸ਼ੇ ਦਾ ਸੇਵਨ ਕਰ ਲੈਂਦੇ ਹਨ, ਤੇ ਬਾਅਦ ਵਿੱਚ ਉਹ ਹੋਲੀ ਹੋਲੀ ਛੋਟੇ ਨਸ਼ੇ ਤੋਂ ਲੈ ਕੇ ਵੱਡੇ ਨਸ਼ੇ ਜਿਵੇ ਕਿ ਹੈਰੋਇਨ ਵਰਗੇ ਨਸ਼ਿਆ ਦੀ ਗ੍ਰਿਫਤ ਵਿੱਚ ਫਸ ਜਾਦੇ ਹਨ। ਸਰਕਾਰ ਨੇ ਪੰਜਾਬ ਭਰ ਵਿੱਚ ਨਸ਼ੇ ਦੀ ਰੋਕਥਾਮ ਲਈ ਬਹੁਤ ਸਾਰੇ ਪੁਖਤਾ ਪ੍ਰਬੰਧ ਕੀਤੇ ਹਨ, ਨਸ਼ੇ ਦੇ ਆਦੀ ਵਿਅਕਤੀਆਂ ਲਈ ਫਰੀ ਹਸਪਤਾਲ ਖੋਲ੍ਹੇ ਹਨ, ਜਿੱਥੇ ਨਸ਼ੇ ਦਾ ਆਦੀ ਵਿਅਕਤੀ ਆਪਣੀ ਇੱਛਾ ਅਨੁਸਾਰ ਆਪਣਾ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ।
ਉਨਾਂ ਨੇ ਕਿਹਾ ਸਾਡੀ ਨੌਜਵਾਨੀ ਆਪਣੇ ਸੱਭਿਆਚਾਰ ਅਤੇ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਭੁੱਲ ਗਈ ਹੈ ਕਿ ਕਿਸ ਤਰ੍ਹਾਂ ਸਾਡੇ ਸ਼ਹੀਦੀ ਯੋਧਿਆਂ ਨੇ ਆਪਣਾ ਖੂਨ ਵਹਾ ਕੇ ਇਸ ਦੇਸ਼ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਪਾਇਆ ਹੈ। ਇਸ ਲਈ ਸਾਨੂੰ ਆਪਣੇ ਇਤਿਹਾਸ ਅਤੇ ਸੱਭਿਅਤਾ ਨਾਲ ਜੁੜਨਾ ਚਾਹੀਦਾ ਹੈ ਤਾਂ ਅਜੋਕੇ ਸਮੇਂ ਵਿੱਚ ਚੱਲ ਰਹੀਆਂ ਸਮਾਜਿਕ ਕੁਰੀਤੀਆਂ ਤੋਂ ਬਚ ਸਕੀਏ।
ਇਸ ਦੌਰਾਨ ਉਨਾਂ ਨੇ ਨਸ਼ੇ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਜਿਹੜੇ ਲੋਕ ਨਸ਼ੇ ਦੇ ਆਦੀ ਹਨ, ਉਹ ਆਪ ਤਾਂ ਮਾਨਸਿਕ ਤੇ ਸਰੀਰਕ ਤੌਰ ਤੇ ਰੋਗੀ ਹੁੰਦੇ ਹਨ, ਇਸ ਨਾਲ ਉਨਾਂ ਦੇ ਪਰਿਵਾਰਕ ਮੈਂਬਰ ਵੀ ਮਾਨਸਿਕ ਰੋਗੀ ਹੁੰਦੇ ਹਨ। ਉਨਾਂ ਨੇ ਦੱਸਿਆ ਨਸ਼ੇ ਬਰਬਾਦੀ ਦਾ ਕਾਰਨ ਬਣਦਾ ਹੈ।
ਇਸ ਮੌਕੇ ਤੇ ਸ਼੍ਰੀਮਤੀ ਕਮਲਜੀਤ ਕੌਰ (ਕੌਸਲਰ) ਨੇ ਕੇਂਦਰ ਦੇ ਕੰਮਾ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨਾ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਆਦੀ ਹੈ ਤਾਂ ਉਹ ਕੇਂਦਰ ਵਿਖੇ ਆਪਣੀ ਇੱਛਾ ਅਨੁਸਾਰ ਇੱਕ ਮਹੀਨੇ ਲਈ ਦਾਖਲ ਹੋ ਕੇ ਆਪਣਾ ਬਿਲਕੁਲ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ। ਜਿੱਥੇ ਕਿ ਪੀੜ੍ਹਤ ਵਿਅਕਤੀ ਨੂੰ ਪਰਿਵਾਰਕ ਮਾਹੌਲ ਦੀ ਤਰ੍ਹਾਂ ਰੱਖਿਆ ਜਾਦਾ ਹੈ ਅਤੇ ਵਧੀਆ ਇਲਾਜ ਕੀਤਾ ਜਾਦਾ ਹੈ।
ਇਸ ਮੌਕੇ ਤੇ ਸ਼੍ਰੀ ਕਰਨ ਕਟਾਰੀਆ (ਜਿਲ੍ਹਾ ਪ੍ਰੀਸ਼ਦ ਮੈਂਬਰ) ਵਲੋਂ ਵੀ ਮੁਖ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਰੈੱਡ ਕਰਾਸ ਇੱਕ ਅਜਿਹੀ ਸੰਸਥਾ ਹੈ ਜੋ ਮਨੁੱਖੀ ਸੇਵਾ ਲਈ ਕੰਮ ਕਰ ਰਹੀ ਹੈ, ਪੰਜਾਬ ਸਰਕਾਰ ਵਲੋ ਅਤੇ ਸੰਸਥਾਵਾਂ ਵਲੋਂ ਪੁਰਜੋਰ ਕਾਰਜ ਕੀਤਾ ਜਾ ਰਿਹਾ ਹੈ ਤਾਂ ਜੋ ਰਲ ਕੇ ਨਸ਼ਿਆਂ ਵਿੱਚ ਫਸੇ ਨੌਜਵਾਨਾਂ ਨੂੰ ਨਵੀਂ ਸੇਧ ਦੇ ਸਕੀਏ ਤਾਂ ਜੋ ਪੰਜਾਬ ਅਤੇ ਸਮਾਜ ਦਾ ਵਿਕਾਸ ਹੋ ਸਕੇ। ਇਸ ਮੌਕੇ ਤੇ ਪਰਮਜੀਤ ਸਿੰਘ, ਜਸਕਰਨ, ਜਸਪਾਲ ਕੌਰ, (ਪੰਚ), ਸੁਖਵਿੰਦਰ ਕੌਰ (ਪੰਚ), ਬਲਜੀਤ ਕੁਮਾਰ, ਊਸ਼ਾ ਰਾਣੀ ਅਤੇ ਹੋਰ ਪਿੰਡ ਵਾਸੀ ਹਾਜਿਰ ਸਨ।
