ਬਰਸਾਤੀ ਮੌਸਮ ਦੌਰਾਨ ਸਾਵਧਾਨੀਆਂ ਸਬੰਧੀ ਸੈਮੀਨਾਰ ਆਯੋਜਿਤ
ਬਟਾਲਾ, 24 ਜੁਲਾਈ:- ਸਕੂਲ ਮੈਨੇਜਮੈਂਟ ਕਮੇਟੀ ਅਤੇ ਪ੍ਰੇਮ ਪਬਲਿਕ ਸਕੂਲ, ਬਟਾਲਾ ਵੱਲੋਂ ਨਾਗਰਿਕ ਸੁਰੱਖਿਆ ਤਹਿਤ "ਬਰਸਾਤੀ ਮੌਸਮ ਦੌਰਾਨ ਸਾਵਧਾਨੀਆਂ" ਵਿਸ਼ੇ 'ਤੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਵਿੱਚ ਹਰਬਖਸ਼ ਸਿੰਘ, ਪੋਸਟ ਵਾਰਡਨ, ਸਿਵਲ ਡਿਫੈਂਸ ਨੇ ਮੁੱਖ ਸਰੋਤ ਵਿਅਕਤੀ (ਰਿਸੋਰਸ ਪਰਸਨ) ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਤਕਦੀਰ ਸਿੰਘ, ਪ੍ਰਿੰਸੀਪਲ ਤਜਿੰਦਰ ਸਿੰਘ ਅਤੇ ਇੰਚਾਰਜ ਹਰਪ੍ਰੀਤ ਕੌਰ ਵੀ ਹਾਜ਼ਰ ਸਨ।
ਆਪਣੇ ਸੰਬੋਧਨ ਦੌਰਾਨ ਹਰਬਖਸ਼ ਸਿੰਘ ਨੇ ਕਿਹਾ ਕਿ ਬਰਸਾਤੀ ਮੌਸਮ ਵਿੱਚ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਬਾਜ਼ਾਰ ਵਿੱਚ ਮਿਲਣ ਵਾਲੇ ਖੁੱਲ੍ਹੇ ਅਤੇ ਅਸੁੱਧ ਭੋਜਨ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਬਰਸਾਤ ਕਾਰਨ ਜ਼ਮੀਨ 'ਤੇ ਪਾਣੀ ਖੜ੍ਹਾ ਹੋਣ ਨਾਲ ਕਈ ਤਰ੍ਹਾਂ ਦੇ ਜ਼ਮੀਨੀ ਜੀਵ-ਜੰਤੂ, ਜਿਨ੍ਹਾਂ ਵਿੱਚ ਜ਼ਹਿਰੀਲੇ ਸੱਪ ਅਤੇ ਹੋਰ ਜੀਵ ਵੀ ਸ਼ਾਮਲ ਹਨ, ਉੱਚੀਆਂ ਥਾਵਾਂ ਜਾਂ ਘਰਾਂ ਵਿੱਚ ਪਨਾਹ ਲੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਜੀਵ ਸਕੂਲੀ ਬੈਗਾਂ, ਜੁੱਤਿਆਂ, ਕੋਨਿਆਂ, ਕਬਾੜ ਜਾਂ ਹੋਰ ਲੁਕਣ ਵਾਲੀਆਂ ਥਾਵਾਂ ਵਿੱਚ ਵੀ ਹੋ ਸਕਦੇ ਹਨ। ਇਸ ਲਈ ਕਿਸੇ ਵੀ ਵਸਤੂ ਨੂੰ ਵਰਤਣ ਤੋਂ ਪਹਿਲਾਂ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਅਣਗਹਿਲੀ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਸੈਮੀਨਾਰ ਦੇ ਅੰਤ ਵਿੱਚ ਉਨ੍ਹਾਂ ਰਾਸ਼ਟਰੀ ਐਮਰਜੈਂਸੀ ਸਹਾਇਤਾ ਨੰਬਰ 112 ਅਤੇ ਕੁਦਰਤੀ ਆਫ਼ਤਾਂ ਸਬੰਧੀ ਅਗਾਊਂ ਚੇਤਾਵਨੀਆਂ ਦੇਣ ਵਾਲੀ ਸਚੇਤ (SACHET) ਐਪ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਸਾਰੇ ਹਾਜ਼ਰ ਲੋਕਾਂ ਨੂੰ ਨਾਗਰਿਕ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਮੋਬਾਈਲ ਫ਼ੋਨਾਂ ਵਿੱਚ ਇਹ ਐਪ ਡਾਊਨਲੋਡ ਕਰਨ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਅਧਿਆਪਕਾ ਹਰਪ੍ਰੀਤ ਕੌਰ, ਮਨਿੰਦਰ ਕੌਰ, ਗੁਰਮੀਤ ਕੌਰ, ਪਵਨਪ੍ਰੀਤ ਕੌਰ, ਰਾਜਵਿੰਦਰ ਕੌਰ, ਕਿਰਨਬੀਰ ਕੌਰ, ਅਲੀਸ਼ਾ, ਸਿਮਰਨ ਕੌਰ, ਜਸਵਿੰਦਰ ਕੌਰ, ਵੰਦਨਾ, ਕੁਲਵਿੰਦਰ ਕੌਰ ਕਲਸੀ, ਸੁਖਵਿੰਦਰ ਕੌਰ, ਇੰਦਰਪ੍ਰੀਤ ਕੌਰ, ਰਣਜੀਤ ਕੌਰ, ਅਮਰਜੀਤ ਕੌਰ, ਗੁਰਵਿੰਦਰ ਕੌਰ, ਬਿਕਰਮਜੀਤ ਸਿੰਘ, ਸਕੂਲ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।
