ਦੂਸਰੀ ਪੰਜਾਬ ਮਾਸਟਰ ਅਥਲੈਟਿਕ ਮੀਟ ਬਠਿੰਡਾ ਵਿਖੇ ਅਮਿਟ ਪੈੜਾਂ ਛੱਡਦੀ ਹੋਈ ਸੰਪਨ
ਹੁਸ਼ਿਆਰਪੁਰ- ਮਿਲਖਾ ਸਿੰਘ ਮਾਸਟਰ ਅਥਲੈਟਿਕਸ ਕਲੱਬ (ਰਜਿ:) ਬਠਿੰਡਾ ਵੱਲੋਂ ਦੂਸਰੀ ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਨੰਬਰਦਾਰ ਦੀ ਸੁਚੱਜੀ ਅਗਵਾਈ ਹੇਠ ਸੰਪਨ ਹੋਈ। ਇਸ ਚੈਂਪੀਅਨਸ਼ਿਪ ਵਿੱਚ 30 ਸਾਲ ਤੋਂ ਲੈ ਕੇ 100 ਸਾਲ ਦੀ ਉਮਰ ਤੱਕ ਦੇ ਪੰਜ ਸਾਲ ਦੇ ਫਰਕ ਨਾਲ ਮਰਦਾਂ ਅਤੇ ਔਰਤਾਂ ਦੇ ਬਣਾਏ ਗਰੁੱਪਾਂ ਵਿੱਚ ਮਰਦ ਅਤੇ ਔਰਤ ਅਥਲੀਟਾਂ ਨੇ ਹਿਸਾ ਲਿਆ। ਕਲੱਬ ਵੱਲੋਂ ਹਰ ਅਥਲੀਟ ਨੂੰ ਦੋ ਈਵੈਂਟ ਵਿੱਚ ਭਾਗ ਲੈਣ ਦੀ ਇਜਾਜਤ ਦਿੱਤੀ ਗਈ ਸੀ।
ਅਥਲੀਟਾਂ ਦੀ ਸਹਾਇਤਾ ਲਈ ਇਹ ਐਂਟਰੀ ਫੀਸ ਆਨਲਾਈਨ ਹੋਣ ਕਾਰਨ 500 ਦੇ ਕਰੀਬ ਐਥਲੀਟਾਂ ਨੇ ਇਸ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਜੋ ਕਿ ਆਪਣੇ ਆਪ ਵਿੱਚ ਪ੍ਰੇਰਨਾਦਾਇਕ ਮਿਸਾਲ ਹੈ। ਹਰ ਅਥਲੀਟ ਨੂੰ ਜਰਸੀਆਂ ਵੀ ਮੁਫ਼ਤ ਦਿੱਤੀਆਂ ਗਈਆਂ। ਹਰ ਅਥਲੀਟ ਲਈ ਬਰੇਕਫਾਸਟ ਅਤੇ ਲੰਚ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਜਿਸ ਦੀ ਹਰ ਅਥਲੀਟ ਨੇ ਪ੍ਰਸ਼ੰਸਾ ਕੀਤੀ ਅਤੇ ਨਗੂਣੇ ਜਿਹੇ ਕਰਾਏ ਤੇ ਖੇਡ ਗਰਾਉਂਡ ਦੇ ਨਜ਼ਦੀਕ ਏ.ਸੀ. ਕਮਰਿਆਂ ਦੇ ਰਹਿਣ ਦਾ ਵੀ ਪ੍ਰਬੰਧ ਬਾਕਮਾਲ ਸੀ।
ਮਿਲਖਾ ਸਿੰਘ ਮਾਸਟਰ ਅਥਲੈਟਿਕਸ ਕਲੱਬ (ਰਜਿ:) ਬਠਿੰਡਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਅਥਲੈਟਿਕਸ ਚੈਂਪੀਅਨਸ਼ਿਪ ਕਰਾਉਣ ਲਈ ਵਧੀਆ ਗਰਾਉਂਡ ਅਤੇ ਹਰ ਈਵੈਂਟ ਲਈ ਲੋੜੀਦੇ ਸਮਾਨ ਦਾ ਸਮੇਂ ਸਿਰ ਪ੍ਰਬੰਧ ਕੀਤਾ ਗਿਆ ਸੀ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਬਾਕੀ ਜਿਲਿਆਂ ਅਤੇ ਦੂਸਰੇ ਰਾਜਾਂ ਤੋਂ ਆਏ ਖਿਡਾਰੀਆਂ ਦੀ ਤਰ੍ਹਾਂ ਹੁਸ਼ਿਆਰਪੁਰ ਜਿਲ੍ਹੇ ਦੇ ਅਥਲੀਟਾਂ ਨੇ ਵੀ ਭਰਪੂਰ ਸ਼ਮੂਲੀਅਤ ਕੀਤੀ ਅਤੇ ਆਪਣੇ ਆਪਣੇ ਈਵੈਂਟ ਵਿੱਚ ਮੱਲਾਂ ਮਾਰੀਆਂ।
65-69 ਉਮਰ ਦੇ ਗਰੁੱਪ ਵਿੱਚ ਦਸੂਹਾ ਦੇ ਹਰਕ੍ਰਿਸ਼ਨ ਸਿੰਘ ਨੇ ਲੰਬੀ ਛਾਲ ਵਿੱਚ ਪਹਿਲਾ ਅਤੇ 100 ਮੀਟਰ ਰੇਸ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਮੈਡਲ ਹਾਸਲ ਕੀਤੇ, ਹੁਸ਼ਿਆਰਪੁਰ ਦੇ ਪੰਕਜ ਕੁਮਾਰ ਨੇ 45-49 ਸਾਲ ਦੇ ਗਰੁੱਪ ਵਿੱਚ 100 ਮੀਟਰ ਰੇਸ ਚੋਂ ਤੀਸਰਾ ਅਤੇ 200 ਮੀਟਰ ਰੇਸ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਕ੍ਰਮਵਾਰ ਕਾਂਸੇ ਤੇ ਚਾਂਦੀ ਦੇ ਤਗਮੇ ਪ੍ਰਾਪਤ ਕੀਤੇ।
ਹੁਸ਼ਿਆਰਪੁਰ ਦੇ ਅਸ਼ੋਕ ਕੁਮਾਰ ਪਾਲ ਨੇ 65-69 ਸਾਲ ਦੇ ਗਰੁੱਪ ਵਿੱਚ 5 ਕਿਲੋਮੀਟਰ ਰੇਸ ਵਾਕ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਂਸੇ ਦਾ ਮੈਡਲ ਹਾਸਿਲ ਕੀਤਾ, ਹੁਸ਼ਿਆਰਪੁਰ ਦੇ ਬਹਾਦਰ ਸਿੰਘ ਨੇ 70-74 ਸਾਲ ਦੇ ਗਰੁੱਪ ਵਿੱਚ ਹਾਈ ਜੰਪ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਮੈਡਲ ਹਾਸਲ ਕੀਤਾ।
ਇਸੇ ਹੀ ਤਰ੍ਹਾਂ ਹੁਸ਼ਿਆਰਪੁਰ ਦੇ ਪ੍ਰਿੰ. ਬਲਵੀਰ ਸਿੰਘ ਸੈਣੀ ਨੇ 70-74 ਸਾਲ ਦੀ ਉਮਰ ਗਰੁੱਪ ਵਿੱਚ 5 ਕਿਲੋਮੀਟਰ ਰੇਸਵਾਕ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਮੈਡਲ ਹਾਸਲ ਕੀਤਾ। ਇਸ ਮੌਕੇ ਇਨਾਮ ਵੰਡ ਸਮਾਰੋਹ ਦੀ ਰਸਮ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਥਾਨਕ ਸ਼ਹਿਰੀ ਵਿਧਾਇਕ ਜਗਰੂਪ ਸਿੰਘ ਵੱਲੋਂ ਅਦਾ ਗਈ।
