ਭਾਰਤੀ ਫੌਜ ਅਤੇ ਰੇਲਵੇ ਵਿਭਾਗ ਚ ਐੱਸਸੀ ਐੱਸਟੀ ਬੈਕਲਾਗ ਪੂਰਾ ਕੀਤਾ ਜਾਵੇ
ਬੁਢਲਾਡਾ:- ਬਹੁਜਨ ਸਮਾਜ ਪਾਰਟੀ ਵਲੋਂ ਐੱਸ. ਡੀ. ਐੱਮ. ਬੁਢਲਾਡਾ ਰਾਹੀਂ ਰਾਸ਼ਟਰਪਤੀ ਨੂੰ ਕੁਝ ਮੰਗਾਂ ਪ੍ਰਵਾਨ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ। ਬਸਪਾ ਦੇ ਹਲਕਾ ਪ੍ਰਧਾਨ ਅਵਤਾਰ ਸਿੰਘ ਕਟਾਰੀਆ ਨੇ ਦੱਸਿਆ ਕਿ ਭਾਰਤੀ ਫੌਜ ਅਤੇ ਰੇਲਵੇ ਵਿਭਾਗ ਵਲੋਂ ਵੱਖ-ਵੱਖ ਅਸਾਮੀਆਂ ਲਈ ਦਿੱਤੇ ਇਸ਼ਤਿਹਾਰ ਰਾਹੀਂ ਐੱਸ. ਸੀ./ਐੱਸ. ਟੀ. ਉਮੀਦਵਾਰਾਂ ਪਾਸੋਂ 250 ਰੁਪਏ ਦੀ ਫੀਸ ਮੰਗੀ ਗਈ ਹੈ ਜੋ ਕਿ ਉਮੀਦਵਾਰਾਂ ਪਾਸੋਂ ਲੈਣੀ ਗਲਤ ਹੈ, ਇਸ ਲਈ ਫੀਸ ਤੁਰੰਤ ਮੁਆਫ਼ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਭਾਰਤੀ ਫੌਜ ਅਤੇ ਰੇਲਵੇ ਵਿਭਾਗ ਵਿੱਚ ਐੱਸ.ਸੀ./ਐੱਸ.ਟੀ. ਦੇ ਬੈਕਲਾਗ ਦੀ ਤੁਰੰਤ ਭਰਤੀ ਕੀਤੀ ਜਾਵੇ ਅਤੇ ਰੇਲਵੇ ਵਿਭਾਗ ਵਲੋਂ ਉਕਤ ਉਮੀਦਵਾਰਾਂ ਪ੍ਰੀਖਿਆਵਾਂ ਦੇਣ ਲਈ ਆਉਣ-ਜਾਣ ਲਈ ਰੇਲ ਗੱਡੀ ਮੁਫ਼ਤ ਪਾਸ ਮੁਹੱਈਆ ਕਰਵਾਏ ਜਾਣ। ਵਫ਼ਦ 'ਚ ਸੋਨੂੰ ਸਿੰਘ ਕਟਾਰੀਆ, ਸੁਰਜੀਤ ਸਿੰਘ, ਕਾਲਾ ਸਿੰਘ, ਤਰਸੇਮ ਸਿੰਘ, ਗੁਰਧਿਆਨ ਸਿੰਘ ਆਦਿ ਸ਼ਾਮਿਲ ਸਨ।
