ਸਕੂਲੀ ਵਿਦਿਆਰਥੀਆਂ ਨੂੰ ਜ਼ਹਿਰੀਲੇ ਜਾਨਵਰਾਂ ਤੋਂ ਬਚਾਅ ਅਤੇ ਮੁੱਢਲੀ ਸਹਾਇਤਾ ਬਾਰੇ ਕੀਤਾ ਜਾਗਰੂਕ

ਸਨੌਰ/ਪਟਿਆਲਾ:- ਜ਼ਹਿਰੀਲੇ ਸੱਪਾਂ, ਜਾਨਵਰਾਂ ਅਤੇ ਕੀੜੇ-ਮਕੌੜਿਆਂ ਦੇ ਡੱਸਣ ਜਾਂ ਕੱਟਣ ਤੋਂ ਬਚਾਅ ਅਤੇ ਮੁੱਢਲੀ ਸਹਾਇਤਾ ਸਬੰਧੀ ਜਾਗਰੂਕਤਾ ਫੈਲਾਉਣ ਲਈ ਪੀ.ਐਮ. ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਨੌਰ ਵਿੱਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਸ਼੍ਰੀ ਕਾਕਾ ਰਾਮ ਵਰਮਾ, ਚੀਫ਼ ਟ੍ਰੇਨਰ, ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਅਤੇ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈੱਲ ਦੇ ਏ.ਐਸ.ਆਈ. ਰਾਮ ਸਰਨ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਸੱਪਾਂ, ਜ਼ਹਿਰੀਲੇ ਜਾਨਵਰਾਂ ਅਤੇ ਕੀੜੇ-ਮਕੌੜਿਆਂ ਕਾਰਨ ਲੱਖਾਂ ਲੋਕ, ਬੱਚੇ ਅਤੇ ਮਜ਼ਦੂਰ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਿਵਲ ਸਰਜਨ ਪਟਿਆਲਾ ਵੱਲੋਂ ਵੀ ਸੱਪਾਂ ਅਤੇ ਹੋਰ ਜ਼ਹਿਰੀਲੇ ਜੀਵਾਂ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਸ਼੍ਰੀ ਵਰਮਾ ਨੇ ਕਿਹਾ ਕਿ ਲਗਭਗ 95 ਫ਼ੀਸਦੀ ਸੱਪ ਜ਼ਹਿਰੀਲੇ ਨਹੀਂ ਹੁੰਦੇ, ਪਰ ਡਰ, ਘਬਰਾਹਟ, ਦਿਲ ਦਾ ਦੌਰਾ, ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦਾ ਅਚਾਨਕ ਘਟ ਜਾਣਾ ਅਤੇ ਸਮੇਂ ਸਿਰ ਹਸਪਤਾਲ ਨਾ ਲਿਜਾਣ ਕਾਰਨ ਕਈ ਵਾਰ ਜਾਨੀ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੱਪ ਦੇ ਡੱਸਣ 'ਤੇ ਪੀੜਤ ਨੂੰ ਦੇਸੀ ਇਲਾਜਾਂ ਜਾਂ ਬਾਬਿਆਂ ਕੋਲ ਲਿਜਾਣ ਦੀ ਬਜਾਏ ਤੁਰੰਤ ਹਸਪਤਾਲ ਪਹੁੰਚਾਇਆ ਜਾਵੇ।
ਉਨ੍ਹਾਂ ਸੱਪ ਦੇ ਡੱਸਣ ਮੌਕੇ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ (ਫਸਟ ਏਡ) ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਿਰਫ਼ ਕੁੱਤੇ ਦੇ ਕੱਟਣ ਨਾਲ ਹੀ ਨਹੀਂ, ਸਗੋਂ ਬਿੱਲੀ, ਬਾਂਦਰ, ਨਿਉਲਾ ਅਤੇ ਘਰਾਂ ਵਿੱਚ ਪਾਲੇ ਜਾਣ ਵਾਲੇ ਹੋਰ ਜਾਨਵਰਾਂ ਦੇ ਕੱਟਣ, ਚੱਟਣ ਜਾਂ ਉਨ੍ਹਾਂ ਦੀ ਲਾਰ ਦੇ ਸੰਪਰਕ ਨਾਲ ਵੀ ਹਲਕ (ਰੇਬੀਜ਼) ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਜਾਨਵਰ ਦੇ ਕੱਟਣ ਜਾਂ ਚੱਟਣ ਵਾਲੀ ਥਾਂ ਨੂੰ ਤੁਰੰਤ ਚਲਦੇ ਪਾਣੀ ਅਤੇ ਸਾਬਣ ਨਾਲ ਘੱਟੋ-ਘੱਟ 10 ਮਿੰਟ ਤੱਕ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ, ਜ਼ਖ਼ਮ 'ਤੇ ਪੱਟੀ ਨਹੀਂ ਬੰਨ੍ਹਣੀ ਚਾਹੀਦੀ ਅਤੇ ਬਿਨਾਂ ਦੇਰੀ ਕੀਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਕਿਉਂਕਿ ਹਲਕ ਹੋਣ ਤੋਂ ਬਾਅਦ ਮਰੀਜ਼ ਨੂੰ ਬਚਾਉਣਾ ਲਗਭਗ ਅਸੰਭਵ ਹੋ ਜਾਂਦਾ ਹੈ। ਉਨ੍ਹਾਂ ਅੱਖਾਂ, ਕੰਨਾਂ ਆਦਿ ਵਿੱਚ ਕੀੜਾ ਚਲੇ ਜਾਣ ਦੀ ਸਥਿਤੀ ਵਿੱਚ ਕੀਤੀ ਜਾਣ ਵਾਲੀ ਮੁੱਢਲੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ।
ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਕਰਮਜੀਤ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੀ ਕਾਕਾ ਰਾਮ ਵਰਮਾ ਵੱਲੋਂ ਇਕੱਲੇ ਹੀ ਵਿਦਿਆਰਥੀਆਂ ਨੂੰ ਅਜਿਹੀਆਂ ਜੀਵਨ-ਰੱਖਿਆ ਜਾਣਕਾਰੀਆਂ ਦੇ ਕੇ ਉਨ੍ਹਾਂ ਨੂੰ ਸਮਾਜ ਲਈ ਮਦਦਗਾਰ ਫ਼ਰਿਸ਼ਤੇ ਬਣਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ।