ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋਈ 8 ਅਧਿਆਪਕਾਵਾਂ ਸਣੇ 9 ਜਣੇ ਹੋਏ ਜ਼ਖ਼ਮੀ

ਅੰਬਾਲਾ, 26 ਜੂਨ:- ਅੱਜ ਸਵੇਰੇ ਅੰਬਾਲਾ ਦੇ ਭਾਨੋਖੇੜੀ ਫਲਾਈਓਵਰ ਦੇ ਥੱਲੇ ਇਕ ਵੱਡਾ ਸੜਕ ਹਾਦਸਾ ਵਾਪਰਿਆ ਜਦੋਂ ਸਕਾਲਰ ਸਕੂਲ ਦੀ ਬੱਸ ਕਾਬੂ ਤੋਂ ਬਾਹਰ ਹੋ ਕੇ ਸੜਕ ਦੇ ਕੰਢੇ ਬਣੀ ਇਕ ਕੰਧ ਨਾਲ ਟਕਰਾ ਗਈ। ਇਸ ਹਾਦਸੇ ਵਿਚ ਬੱਸ ਵਿਚ ਸਵਾਰ 9 ਅਧਿਆਪਕਾਵਾਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਅੰਬਾਲਾ ਸ਼ਹਿਰ ਤੋਂ ਭਾਨੋਖੇੜੀ ਜਾ ਰਹੀ ਸੀ। ਇਸ ਦੌਰਾਨ ਮਿੱਟੀ ਦਾ ਭਰਿਆ ਇਕ ਡੰਪਰ ਗਲਤ ਦਿਸ਼ਾ ਵੱਲੋਂ ਆ ਰਿਹਾ ਸੀ ਜਿਸ ਤੋਂ ਬਚਣ ਦੀ ਕੋਸ਼ਿਸ਼ ਵਿਚ ਬੱਸ ਬੇਕਾਬੂ ਹੋ ਗਈ ਅਤੇ ਸਿੱਧੀ ਕੰਧ ਵਿਚ ਜਾ ਵੱਜੀ।
ਜ਼ਖ਼ਮੀਆਂ ਵਿਚ ਰੀਨਾ (45) ਵਾਸੀ ਦੁਰਗਾ ਨਗਰ, ਕਨਿਕਾ (36) ਵਾਸੀ ਅੰਬਾਲਾ ਸ਼ਹਿਰ, ਅੰਜੂ (22) ਵਾਸੀ ਦੁਰਗਾ ਨਗਰ,  ਮਨਦੀਪ ਕੌਰ (31) ਵਾਸੀ ਅੰਬਾਲਾ ਸ਼ਹਿਰ, ਮਮਤਾ ਰਾਣੀ (32) ਵਾਸੀ ਪਟਿਆਲਾ, ਰਿਤੂ (42) ਵਾਸੀ ਬਲਦੇਵ ਨਗਰ, ਰੋਮੀ ਸੰਧੂ (35) ਵਾਸੀ ਵਿਸ਼ਨੂੰ ਵਿਹਾਰ ਅੰਬਾਲਾ ਸ਼ਹਿਰ, ਰਜਨੀ (38) ਵਾਸੀ ਅੰਬਾਲਾ ਸ਼ਹਿਰ ਅਤੇ ਗੁਰਜਿੰਦਰ ਸਿੰਘ (40) ਵਾਸੀ ਟੰਗਰੀਆਂ ਸ਼ਾਮਲ ਹਨ। ਜਾਣਕਾਰੀ ਅਨੁਸਾਰ ਰੀਨਾ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ ਅਤੇ ਗੁਰਜਿੰਦਰ ਸਿੰਘ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ ਜਦੋਂ ਕਿ ਬਾਕੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ।  
ਸਕਾਲਰ ਸਕੂਲ ਦੇ ਡਾਇਰੈਕਟਰ ਗੁਰਤੇਜ ਸਿੰਘ ਨੇ ਦੱਸਿਆ ਕਿ ਸਕੂਲ ਪ੍ਰਬੰਧਨ ਨੇ ਅਧਿਆਪਕਾਂ ਲਈ ਚੰਡੀਗੜ੍ਹ ਦਾ ਦੌਰਾ ਰੱਖਿਆ ਸੀ। ਸਾਰੇ ਅਧਿਆਪਕ ਸਵੇਰੇ ਸਕੂਲ ਕੈਂਪਸ ਵਿੱਚ ਇਕੱਠੇ ਹੋਣੇ ਸਨ ਜਿੱਥੋਂ ਉਨ੍ਹਾਂ ਨੇ ਚੰਡੀਗੜ੍ਹ ਲਈ ਰਵਾਨਾ ਹੋਣਾ ਸੀ। ਹਾਲਾਂਕਿ ਹਾਦਸਾ ਸਕੂਲ ਪਹੁੰਚਣ ਤੋਂ ਪਹਿਲਾਂ ਵਾਪਰ ਗਿਆ।