ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਸਾਵਣ ਕਵੀ ਦਰਬਾਰ ਕਰਵਾਇਆ ਗਿਆ

ਬਰਨਾਲਾ:- ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਵੱਲੋਂ 'ਪਿੰਡੋ ਪਿੰਡੀਂ ਸਾਹਿਤ' ਲੜੀ ਤਹਿਤ ਪਿੰਡ ਭੱਦਲਵੱਢ ਦੀ 'ਸੋਭਾ ਸਿੰਘ ਚਿੱਤਰਕਾਰ ਅਤੇ ਸੋਹਣ ਸਿੰਘ ਸਰਪੰਚ ਯਾਦਗਾਰੀ ਲਾਇਬ੍ਰੇਰੀ' ਵਿਖੇ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪਰਮਜੀਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਦੀ ਪੀੜ੍ਹੀ ਸਾਹਿਤ ਤੋਂ ਦੂਰ ਹੁੰਦੀ ਜਾ ਰਹੀ ਹੈ ਤੇ ਪ੍ਰਗਤੀਸ਼ੀਲ ਸੰਘ ਦੁਆਰਾ ਪਿੰਡ ਵਿੱਚ ਅਜਿਹੇ ਸਾਹਿਤਕ ਸਮਾਗਮਾਂ ਦੀ ਲੜੀ ਆਰੰਭ ਕਰਕੇ ਨਰੋਈ ਪਰਤ ਪਾਈ ਹੈ। ਸਮਾਗਮ ਦੇ ਪ੍ਰਬੰਧਕ ਤੇ ਸਾਬਕਾ ਸਰਪੰਚ ਰਾਜਵੰਤ ਸਿੰਘ ਨੇ ਪਿੰਡ ਵਿੱਚ ਕਰਵਾਏ ਗਏ ਪਿਛਲੇ ਸਾਹਿਤਕ ਸਮਗਮਾਂ ਬਾਰੇ ਵਿਸਤਾਰ ਵਿੱਚ ਚਾਨਣਾ ਪਾਇਆ। ਗਲਪਕਾਰ ਦਰਸ਼ਨ ਸਿੰਘ ਗੁਰੂ ਨੇ ਜਿੱਥੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਉੱਥੇ  ਡਾ.ਹਰਿਭਗਵਾਨ ਅਤੇ ਭੋਲਾ ਸਿੰਘ ਸੰਘੇੜਾ ਨੇ ਪ੍ਰਗਤੀਸ਼ੀਲ ਲੇਖਕ ਸੰਘ ਦੀ ਬਰਨਾਲਾ ਇਕਾਈ ਵੱਲੋਂ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਵਿੱਚ ਕਰਵਾਏ ਜਾਣ ਵਾਲੇ ਵੱਖ ਵੱਖ ਸਾਹਿਤਕ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ।
  ਕਵੀ ਦਰਬਾਰ ਦਾ ਆਰੰਭ ਡਾ. ਸੰਪੂਰਨ ਸਿੰਘ ਟੱਲੇਵਾਲੀਆ ਦੇ ਕਵੀਸ਼ਰੀ ਜਥੇ ਨੇ 'ਸਾਉਣ ਦੀ ਝੜੀ' ਦੇ ਇਹਨਾਂ ਬੋਲਾਂ ਨਾਲ ਕੀਤਾ -
ਬੱਚੇ ਕਹਿੰਦੇ ਮੀਂਹ ਹੈ ਪੈਂਦਾ ਅਸੀਂ ਤਾਂ ਮੀਂਹ ਵਿੱਚ ਨਾਹਵਾਂਗੇ, 
ਭਿੱਜ ਕੇ ਮੀਂਹ ਵਿਚ ਗੁਲਗਲੇ ਮੱਠੀਆਂ ਖੀਰ ਤੇ ਪੂੜੇ ਖਾਵਾਂਗੇ।
   ਰਾਮ ਸਰੂਪ ਸ਼ਰਮਾ ਨੇ ਆਪਣੀ ਮਧੁਰ ਆਵਾਜ਼ ਵਿੱਚ 'ਜ਼ਿੰਦਗੀ ਦੀ ਫੁਲਕਾਰੀ ਵਿੱਚ ਚਾਵਾਂ ਦੇ ਫੁੱਲ ਕੱਢਣੇ...' ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਜਗਜੀਤ ਗੁਰਮ ਨੇ ਆਪਣੀ ਗ਼ਜ਼ਲ 'ਉਹ ਏਨੇ  ਰੰਗ ਬਦਲੇ ਅੱਜ ਕੱਲ੍ਹ, ਉਸ ਦਾ ਚਿਹਰਾ ਪੜ੍ਹ ਨਹੀਂ ਹੁੰਦਾ' ਨਾਲ ਖ਼ੂਬ ਦਾਦ ਖੱਟੀ। 
  ਇਸ ਮੌਕੇ ਰਜਿੰਦਰ ਸ਼ੌਕੀ, ਚਰਨੀ ਬੇਦਿਲ, ਮਨਜੀਤ ਸਿੰਘ ਸਾਗਰ, ਜਗਜੀਤ ਕੌਰ ਢਿੱਲਵਾਂ, ਜਗਤਾਰ ਜਜ਼ੀਰਾ, ਰਾਮ ਪਾਲ ਸ਼ਾਹਪੁਰੀ, ਮੇਜਰ ਸਿੰਘ ਗਿੱਲ, ਸੁਖਵਿੰਦਰ ਸਿੰਘ ਸਨੇਹ, ਉਜਾਗਰ ਸਿੰਘ ਮਾਨ, ਹਾਕਮ ਸਿੰਘ ਰੂੜੇਕੇ, ਰਘਵੀਰ ਸਿੰਘ ਕੱਟੂ, ਦਲਬਾਰਾ ਸਿੰਘ ਫ਼ੌਜੀ, ਤੇਜਿੰਦਰ ਚੰਡਿਹੋਕ, ਦਰਸ਼ਨ ਸਿੰਘ ਗੁਰੂ, ਅਮਨਦੀਪ ਸਿੰਘ ਟੱਲੇਵਾਲੀਆ ਅਤੇ ਪਾਲ ਸਿੰਘ ਲਹਿਰੀ ਆਦਿ ਸ਼ਾਇਰਾਂ ਨੇ ਵੱਖ ਵੱਖ ਰੰਗਾਂ ਦੀਆਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ।