ਸਤਾਰਾ ਡਾਕਟਰ ਖ਼ੁਦਕੁਸ਼ੀ ਸੁਸਾਈਡ ਨੋਟ ਚ ਨਾਮਜ਼ਦ ਮੁਲਜ਼ਮ ਪੁਣੇ ਤੋਂ ਗ੍ਰਿਫ਼ਤਾਰ
ਚੰਡੀਗੜ੍ਹ- ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੀ ਇੱਕ 26 ਸਾਲਾ ਮਹਿਲਾ ਡਾਕਟਰ, ਜਿਸ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਖ਼ੁਦਕੁਸ਼ੀ ਕਰ ਲਈ ਸੀ, ਨੇ ਚਾਰ ਪੰਨਿਆਂ ਦਾ ਇੱਕ ਪੱਤਰ ਛੱਡਿਆ ਹੈ। ਇਸ ਪੱਤਰ ਵਿੱਚ ਜਿਸ ਵਿੱਚ ਕਥਿਤ ਜਿਨਸੀ ਹਮਲੇ, ਪਰੇਸ਼ਾਨੀ ਅਤੇ ਭ੍ਰਿਸ਼ਟਾਚਾਰ ਦੇ ਹੈਰਾਨ ਕਰਨ ਵਾਲੇ ਵੇਰਵੇ ਸਾਹਮਣੇ ਆਏ ਹਨ। ਸ਼ਨਿਚਰਵਾਰ ਨੂੰ ਇਸ ਕੇਸ ਵਿੱਚ ਪੁਲੀਸ ਨੇ ਪੁਣੇ ਤੋਂ ਇਕ ਮੁਲਜ਼ਮ ਬਾਂਕਰ ਨੂੰ ਗ੍ਰਿਫਤਾਰ ਕੀਤਾ ਹੈ।
ਫਲਟਨ ਸਬ-ਡਿਸਟ੍ਰਿਕਟ ਹਸਪਤਾਲ ਵਿੱਚ ਮੈਡੀਕਲ ਅਫ਼ਸਰ ਵਜੋਂ ਸੇਵਾ ਨਿਭਾਅ ਰਹੀ ਇਸ ਡਾਕਟਰ ਨੇ ਸਬ-ਇੰਸਪੈਕਟਰ ਗੋਪਾਲ ਬਡਨੇ ’ਤੇ ਚਾਰ ਵਾਰ ਜਬਰ ਜਨਾਹ ਕਰਨ ਅਤੇ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੱਕ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ ਕਰਨ ਦਾ ਦੋਸ਼ ਲਾਇਆ ਹੈ। ਆਪਣੀ ਜਾਨ ਲੈਣ ਤੋਂ ਪਹਿਲਾਂ ਉਸ ਨੇ ਆਪਣੇ ਹੱਥ ’ਤੇ ਲਿਖਿਆ ਸੀ ਕਿ ਬਡਨੇ ਨੇ ਉਸ ਨਾਲ ਜਬਰ ਜਨਾਹ ਕੀਤਾ ਸੀ।
ਫਰਜ਼ੀ ਸਰਟੀਫਿਕੇਟਾਂ ਲਈ ਦਬਾਅ
ਆਪਣੇ ਸੁਸਾਈਡ ਨੋਟ ਵਿੱਚ ਡਾਕਟਰ ਨੇ ਇਹ ਵੀ ਦੋਸ਼ ਲਾਇਆ ਕਿ ਕਈ ਪੁਲੀਸ ਅਧਿਕਾਰੀਆਂ (ਇੱਥੋਂ ਤੱਕ ਕਿ ਇੱਕ ਸੰਸਦ ਮੈਂਬਰ ਨੇ ਆਪਣੇ ਨਿੱਜੀ ਸਹਾਇਕਾਂ ਸਮੇਤ) ਨੇ ਉਸ 'ਤੇ ਅਜਿਹੇ ਦੋਸ਼ੀਆਂ ਲਈ ਫਰਜ਼ੀ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਲਈ ਦਬਾਅ ਪਾਇਆ ਜਿਨ੍ਹਾਂ ਨੂੰ ਕਦੇ ਮੈਡੀਕਲ ਜਾਂਚ ਲਈ ਲਿਆਂਦਾ ਹੀ ਨਹੀਂ ਗਿਆ। ਉਸ ਨੇ ਦਾਅਵਾ ਕੀਤਾ ਕਿ ਜਦੋਂ ਉਸ ਨੇ ਇਨਕਾਰ ਕਰ ਦਿੱਤਾ, ਤਾਂ ਉਸ ਨੂੰ ਤੰਗ ਪਰੇਸ਼ਾਨ ਅਤੇ ਡਰਾਇਆ-ਧਮਕਾਇਆ ਗਿਆ।
26 ਸਾਲਾ ਡਾਕਟਰ, ਜੋ ਲਗਪਗ ਦੋ ਸਾਲਾਂ ਤੋਂ ਪੇਂਡੂ ਹਸਪਤਾਲ ਵਿੱਚ ਸੇਵਾ ਨਿਭਾ ਰਹੀ ਸੀ, ਆਪਣੀ ਲਾਜ਼ਮੀ ਬਾਂਡ ਦੀ ਮਿਆਦ ਪੂਰੀ ਕਰਨ ਤੋਂ ਸਿਰਫ਼ ਇੱਕ ਮਹੀਨਾ ਦੂਰ ਸੀ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਡਿਗਰੀ ਹਾਸਲ ਕਰਨ ਦੀ ਯੋਜਨਾ ਬਣਾ ਰਹੀ ਸੀ।
ਉਸ ਦੇ ਚਚੇਰੇ ਭਰਾ ਨੇ ਐਨਡੀਟੀਵੀ ਨੂੰ ਦੱਸਿਆ ਕਿ ਉਸ ਨੇ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਈਆਂ, ਐਸਪੀ ਅਤੇ ਡੀਐਸਪੀ ਨੂੰ ਲਿਖਿਆ, ਪਰ ਕੋਈ ਕਾਰਵਾਈ ਨਹੀਂ ਹੋਈ। ਉਸ ਨੇ ਕਿਹਾ, ‘‘ਉਸ ਨੇ ਸਾਫ਼ ਤੌਰ 'ਤੇ ਜ਼ਿਕਰ ਕੀਤਾ ਸੀ ਕਿ ਜੇ ਉਸ ਨਾਲ ਕੁਝ ਵੀ ਹੁੰਦਾ ਹੈ, ਤਾਂ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।’’ ਡਾਕਟਰ ਦੇ ਪੱਤਰ ਵਿੱਚ ਉਸ ਦੇ ਮਕਾਨ ਮਾਲਕ, ਪ੍ਰਸ਼ਾਂਤ ਬਾਂਕਰ ਵੱਲੋਂ ਪਰੇਸ਼ਾਨੀ ਦਾ ਵੀ ਜ਼ਿਕਰ ਹੈ।
