ਫੁੱਟਬਾਲਰਾਂ ਦੀ ਰਾਜਧਾਨੀ ਪਿੰਡ ਖੈਰੜ ਅੱਛਰਵਾਲ ਹੁਸ਼ਿਆਰਪੁਰ ਨੂੰ ਸਿਜਦਾ
ਹੁਸ਼ਿਆਰਪੁਰ:- ਨਾਮੀ ਫੁੱਟਬਾਲਰਾਂ ਦੀਆਂ ਪੈੜਾਂ ਨੂੰ ਨੱਪਦਿਆਂ ਫੁੱਟਬਾਲ ਪਲੇਅਰਜ਼ ਵੈਲਫੇਅਰ ਸੁਸਾਇਟੀ ਮਾਹਿਲਪੁਰ ਦਾ ਵਫ਼ਦ ਹਰ ਪਿੰਡ ਤੱਕ ਜਾ ਕੇ ਪਹੁੰਚ ਕੇ ਖਿਡਾਰੀਆਂ ਨਾਲ ਸੰਪਰਕ ਕਰਨ ਦੇ ਆਪਣੇ ਪ੍ਰੋਗਰਾਮ ਤਹਿਤ ਸਭ ਤੋਂ ਪਹਿਲਾਂ ਬੀਤੇ ਦਿਨੀ ਅਰਜਨਾ ਐਵਾਰਡੀ ਸਰਦਾਰ ਗੁਰਦੇਵ ਸਿੰਘ ਗਿੱਲ, ਇੰਟਰਨੈਸ਼ਨਲ ਫੁੱਟਬਾਲਰ ਮਨਜੀਤ ਸਿੰਘ ਗਿੱਲ, ਕੁਲਤਾਰ ਸਿੰਘ ਤਾਰੀ, ਮਦਨ ਲਾਲ ਮੱਦੋ, ਮਹਿੰਦਰ ਸਿੰਘ ਘੋਗਾ, ਓਂਕਾਰ ਸਿੰਘ, ਇੰਟਰਨੈਸ਼ਨਲ ਰੈਫਰੀ ਹਰਭਜਨ ਸਿੰਘ, ਪਰਮਜੀਤ ਸਿੰਘ ਪੱਪੂ, ਪਰਮਿੰਦਰ ਸਿੰਘ, ਸੁਰਜੀਤ ਸਿੰਘ ਸੀਤ, ਦਰਸ਼ਨ ਸਿੰਘ ਦਰਸ਼ਾ, ਪਾਲੂ, ਦਵਿੰਦਰ ਸਿੰਘ ਘੋਗਾ, ਫੌਜੀ ਹਰਭਜਨ ਸਿੰਘ, ਪੱਤਰਕਾਰ ਜਸਵੀਰ ਵਿਰਦੀ ਸਮੇਤ ਅਣਗਿਣਤ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਫੁੱਟਬਾਲਰ ਪੈਦਾ ਕਰਨ ਵਾਲੇ ਪਿੰਡ ਦੀ ਪੂਜਣਯੋਗ ਧਰਤੀ ਨੂੰ ਸਿਜਦਾ ਕਰਨ ਫੁੱਟਬਾਲਰਾਂ ਦੀ ਰਾਜਧਾਨੀ ਪਿੰਡ ਖੈਰੜ ਅੱਛਰਵਾਲ ਪਹੁੰਚਿਆ।
ਸੇਵਾ ਮੁਕਤ ਇੰਸਪੈਕਟਰ ਗੁਰਦਿਆਲ ਸਿੰਘ ਬੈਂਸ ਜੀ ਦੇ ਸਮਕਾਲੀ ਕਰੀਬੀ ਦੋਸਤ ਪੰਜਾਬ ਯੂਨੀਵਰਿਸਟੀ ਦੇ ਤਿੰਨ ਵਾਰ ਕਪਤਾਨ ਰਹੇ ਤੇ ਆਲ ਇੰਡੀਆ ਕੰਬਾਈਂਡ ਯੂਨੀਵਰਸਿਟੀ ਦੇ ਕਪਤਾਨ ਪਰਮਜੀਤ ਸਿੰਘ ਪੱਪੂ (ਯੂ ਕੇ) ਵਾਲਿਆਂ ਦੇ ਘਰ ਬੈਠ ਕੇ ਖੇਡਾਂ ਦੇ ਖੇਤਰ ਦੇ ਅਤੀਤ ਤੇ ਵਰਤਮਾਨ ਬਾਰੇ ਗੰਭੀਰ ਵਿਚਾਰਾਂ ਹੋਈਆਂ ਤੇ ਸੁਧਾਰ ਲਈ ਸੁਝਾਅ ਦਿੱਤੇ ਗਏ।ਬਾਕੀ ਸਭ ਖਿਲਾੜੀਆਂ ਵਾਂਗ ਹੀ ਆਪਣੇਂ ਪਿੰਡ, ਇਲਾਕੇ, ਸੂਬੇ ਤੇ ਦੇਸ਼ ਦੇ ਫੁੱਟਬਾਲ ਵਿੱਚ ਆਏ ਨਿਘਾਰ ਤੋਂ ਚਿੰਤਤ ਪਰਮਜੀਤ ਸਿੰਘ ਪੱਪੂ ਫੁੱਟਬਾਲ ਦੀ ਖੇਡ ਨੂੰ ਮੁੜ ਬੁਲੰਦੀਆਂ ਤੇ ਦੇਖਣ ਲਈ ਉਤਾਵਲਾ ਹੈ ਤੇ ਉਹ ਫੁੱਟਬਾਲ ਦੀ ਬਿਹਤਰੀ ਲਈ ਹਰ ਸੰਭਵ ਮੱਦਦ ਕਰਨ ਲਈ ਤਿਆਰ ਹੈ।
ਪਿੰਡਾਂ ਦੀ ਧੜੇਬੰਦੀ ਤੇ ਸਿਆਸਤਦਾਨਾਂ ਵਲੋਂ ਪਾਈ ਫੁੱਟ ਦਾ ਸ਼ਿਕਾਰ ਪਿੰਡ ਤੇ ਇਲਾਕਾ ਨਿਵਾਸੀਆਂ ਨੂੰ ਉਹ ਸਭ ਵਖਰੇਵੇਂ ਛੱਡ ਆਪਣੇ ਵਡੇਰਿਆਂ ਦੇ ਰਾਹ ਤੇ ਚੱਲਣ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਤੇ ਮਜ਼ਬੂਤ ਕਰਨ ਲਈ ਅਰਜ਼ੋਈਆਂ ਕਰਦਾ ਹੈ। ਫੁੱਟਬਾਲ ਪਲੇਅਰਜ਼ ਵੈਲਫੇਅਰ ਸੁਸਾਇਟੀ ਮਾਹਿਲਪੁਰ ਦੇ ਮੈਂਬਰਾਂ ਵਲੋਂ ਇਲਾਕੇ ਵਿੱਚ ਚੱਲਦੇ ਸਾਰੇ ਖੇਡ ਕਲੱਬਾਂ ਤੇ ਖੇਡ ਅਕੈਡਮੀਆਂ ਦਾ ਹਰ ਸੰਭਵ ਸਹਿਯੋਗ ਕਰਨ ਦੇ ਆਪਣੇਂ ਪ੍ਰੋਗਰਾਮ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ। ਆਪਣੇਂ ਵਡੇਰੇ ਫੁੱਟਬਾਲਰਾਂ ਦੀਆਂ ਪ੍ਰਾਪਤੀਆਂ ਨੂੰ ਨਵੀਂ ਪੀੜ੍ਹੀ ਨੂੰ ਆਪਣੇ ਵਡਮੁੱਲੇ ਵਿਰਸੇ ਨੂੰ ਸਾਂਭਣ ਲਈ ਲਾਮਬੰਦ ਕਰਨ ਯਤਨਸ਼ੀਲ ਰਹਿਣ ਲਈ ਪੁਰਾਣੇ ਸਭ ਖਿਡਾਰੀਆਂ ਨੂੰ ਬੇਨਤੀ ਕੀਤੀ ਗਈ।
ਜੇ ਇਕੱਲੇ ਖੈਰੜ ਅੱਛਰਵਾਲ ਦੇ ਮਾਲੀ ਸਾਹਿਬ ਜੀ ਤੇ ਗੁਰਬਖਸ਼ ਸਿੰਘ UK ਤੋਂ ਲੈ ਕੇ ਸਾਰੇ ਪੁਰਾਣੇਂ, ਨਵੇਂ ਮੌਜੂਦਾ ਨਾਮੀ ਫੁੱਟਬਾਲਰਾਂ ਦੇ ਨਾਮ ਤੇ ਪ੍ਰਾਪਤੀਆਂ ਲਿਖਣੀਆਂ ਹੋਣ ਤਾਂ ਕਦੇ ਵੀ ਪੂਰਨ ਰੂਪ ਵਿੱਚ ਲਿਖੀਆਂ ਨਹੀਂ ਜਾ ਸਕਦੀਆਂ। ਫੁੱਟਬਾਲ ਕਬੱਡੀ ਤੇ ਐਥੇਲੇਟਿਕਸ ਦੇ ਦਾਅ ਪੇਚ ਸਿਖਾ ਕੇ ਨਵੀਂ ਪੀੜ੍ਹੀ ਨੂੰ ਮਾੜੀ ਸੰਗਤ ਤੇ ਨਸ਼ਿਆਂ ਤੋਂ ਬਚਾਉਣ ਵਾਲੇ ਵੇਟ ਲਿਫਟਰ ਜਗਰਾਜ ਸਿੰਘ ਜੱਗਾ ਸਮੇਤ ਪਵਨ ਕੁਮਾਰ ਤੇ ਇੰਸਪੈਕਟਰ ਅਮਨਦੀਪ ਕੁਮਾਰ FPWSM ਦੇ ਮੈਂਬਰ ਬਣ ਚੁੱਕੇ ਨੇ ਤੇ ਇਲਾਕੇ ਦੇ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਮਰਪਿਤ ਨੇ।
ਇਸ ਪਿੰਡ ਦੇ ਜੰਮਪਲ ਸਾਰੇ ਖਿਡਾਰੀਆਂ ਤੇ ਪਿੰਡ ਦੀ ਪੂਜਣਯੋਗ ਧਰਤੀ ਨੂੰ ਸਿਜਦਾ ਕਰਦਾ ਹੋਇਆ ਸੁਸਾਇਟੀ ਦੇ ਉਦੇਸ਼ ਦੀ ਪ੍ਰਾਪਤੀ ਲਈ ਖੈਰੜ ਅੱਛਰਵਾਲ ਦੇ ਸਮੂਹ ਖਿਡਾਰੀਆਂ ਤੋਂ ਆਸ਼ੀਰਵਾਦ ਤੇ ਸਹਿਯੋਗ ਮੰਗਦਾ ਹੋਇਆ ਆਪ ਜੀ ਤੋਂ ਭੁੱਲਾਂ ਚੁੱਕਾਂ ਲਈ ਖਿਮਾ ਦਾ ਜਾਚਕ ਹਾਂ ਜੀ। ਆਓ ਸਾਰੇ ਰਲ ਮਿਲ ਕੇ ਫੁੱਟਬਾਲ ਪਲੇਅਰਜ਼ ਵੈਲਫੇਅਰ ਸੁਸਾਇਟੀ ਮਾਹਿਲਪੁਰ ਦੇ ਸਾਥੀ ਤੇ ਸਹਿਯੋਗੀ ਬਣ ਕੇ ਫੁੱਟਬਾਲ ਨੂੰ ਪ੍ਰਫੁੱਲਿਤ ਕਰਨ ਲਈ ਤਨ ਮਨ ਧਨ ਨਾਲ ਯੋਗਦਾਨ ਪਾਈਏ!
