ਸਹਿਯੋਗ ਸੇਵਾ ਸੁਸਾਇਟੀ ਨੇ ਵੰਡੇ ਫ਼ਲ ਅਤੇ ਮਠਿਆਈਆਂ

ਨਵਾਂਸ਼ਹਿਰ- ਦਿਵਾਲੀ ਦੇ ਪਵਿੱਤਰ ਤਿਓਹਾਰ  'ਤੇ  ਸਹਿਯੋਗ ਸੇਵਾ ਸੁਸਾਇਟੀ ਵਲੋਂ ਨਵੀਂ ਦਾਣਾ ਮੰਡੀ ਨੇੜੇ  ਸ਼ਹਿਰ ਦੇ ਸਲੱਮ ਏਰੀਏ ਵਿਚ ਝੁੱਗੀ ਝੋਂਪੜੀ ਵਿਚ ਰਹਿਣ ਵਾਲੇ 60  ਲੋੜਵੰਦ ਲੋਕਾਂ ਨੂੰ 90 ਕਿੱਲੋ  ਮਠਿਆਈਆਂ ਅਤੇ ਫਲ ਵੰਡੇ ਗਏ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਦੀਪ ਜੋਸ਼ੀ ਅਤੇ ਵਾਈਸ ਪ੍ਰਧਾਨ ਚੇਤਨ ਸ਼ਰਮਾ ਨੇ ਕਿਹਾ ਕਿ ਤਿਓਹਾਰਾਂ ਦੀ ਅਸਲੀ ਖੁਸ਼ੀ ਸਭ ਨਾਲ ਮਿਲ ਕੇ ਮਨਾਉਣ ਨਾਲ ਮਿਲਦੀ ਹੈ। 
ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਆਪਣੇ ਘਰਾਂ ਵਿਚ ਦਿਵਾਲੀ ਮਨਾਉਂਦੇ ਹਾਂ ਇਸੇ ਤਰ੍ਹਾਂ ਬਿਨਾਂ ਕਿਸੇ ਭੇਤ ਭਾਵ ਤੋਂ ਸਭ ਨਾਲ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਸੰਸਥਾ ਦੇ ਪ੍ਰਧਾਨ ਪ੍ਰਦੀਪ ਢੀਂਗਰਾ ਨੇ ਕਿਹਾ ਕਿ ਸਾਨੂੰ ਸਭ ਨੂੰ ਦਿਵਾਲੀ ਸਮੇਤ ਸਾਰੇ ਤਿਓਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਨਲਾਈਨ ਖਰੀਦਦਾਰੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਮਿੱਟੀ ਦੇ ਦੀਵੇ ਵੇਚਣ ਵਾਲਿਆਂ ਤੋਂ ਦੀਵੇ ਖਰੀਦਣੇ ਚਾਹੀਦੇ ਹਨ ਤਾਂ ਜੋ ਇਹ ਲੋਕ ਵੀ ਆਪਣੇ ਘਰਾਂ ਵਿਚ ਦਿਵਾਲੀ ਦੀਆਂ ਖੁਸ਼ੀਆਂ ਮਨਾ ਸਕਣ।
 ਇਸ ਮੌਕੇ ਜਨਰਲ ਸਕੱਤਰ ਮਨੀਸ਼ ਖੋਸਲਾ , ਪ੍ਰੈੱਸ ਸਕੱਤਰ ਕਰਣ ਕਾਲਰਾ, ਵਿਨੋਦ ਹਾਂਡਾ , ਸੁਰੇਸ਼ ਸ਼ਰਮਾ , ਮਨੀਸ਼ ਸ਼ਾਰਦਾ , ਚੰਦਰਮੋਹਨ ਹਾਂਡਾ ਅਤੇ ਰਿਦਮ ਅਰੋੜਾ ਨੇ ਵੀ ਸਭ ਨੂੰ ਦਿਵਾਲੀ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਤਿਓਹਾਰ ਕੇਵਲ ਰੋਸ਼ਨੀ ਜਾਂ ਮਠਿਆਈਆਂ ਦਾ ਹੀ ਨਹੀਂ ਹੁੰਦਾ ਸਗੋਂ ਦੂਸਰਿਆਂ ਦੇ ਜੀਵਨ ਵਿਚ ਖੁਸ਼ੀਆਂ ਲਿਆਉਣ ਦਾ ਜ਼ਰੀਆ ਵੀ ਹੋਣਾ ਚਾਹੀਦਾ ਹੈ।