ਸਾਹਿਬਜ਼ਾਦਾ ਅਜੀਤ ਸਿੰਘ ਹੋਸਟਲ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ

ਪਟਿਆਲਾ, 18 ਅਗਸਤ:- ਸਾਹਿਬਜ਼ਾਦਾ ਅਜੀਤ ਸਿੰਘ ਹੋਸਟਲ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਵੱਲੋਂ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਦੇ ਸਹਿਯੋਗ ਨਾਲ ਕਮਿਊਨਿਟੀ ਸੈਂਟਰ ਵਿਖੇ ਤੀਆਂ ਦਾ ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਯੂਥ ਹੋਸਟਲ ਦੀ ਵਾਰਡਨ ਮੀਨਾ ਸ਼ਰਮਾ ਨੇ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਮੂਹ ਔਰਤਾਂ ਨੇ ਪੰਜਾਬੀ ਪਹਿਰਾਵੇ ਪਾ ਕੇ ਤੀਆਂ ਦੇ ਰੰਗ ਵਿੱਚ ਰੰਗਿਆ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਲੋਕ ਗੀਤ, ਗਿੱਧਾ ਅਤੇ ਪੰਜਾਬੀ ਬੋਲੀਆਂ ਪਾ ਕੇ ਸਮਾਂ ਬੰਨ੍ਹ ਦਿੱਤਾ।
ਇਹ ਪ੍ਰੋਗਰਾਮ ਯੂਥ ਹੋਸਟਲ ਦਿਵਸ ਨੂੰ ਸਮਰਪਿਤ ਕਰਦੇ ਹੋਏ ਯੂਥ ਵਾਰਡਨ ਮੀਨਾ ਸ਼ਰਮਾ ਨੇ ਆਖਿਆ ਕਿ ਅੱਜ ਦੇ ਦੌਰ ਵਿੱਚ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੀ ਸਖ਼ਤ ਲੋੜ ਹੈ। ਕਿਉਂਕਿ ਵੈਸਟਰਨ ਕਲਚਰ ਦਾ ਪ੍ਰਭਾਵ ਸਾਡੇ ਬੱਚਿਆਂ ’ਤੇ ਵਧੇਰੇ ਪੈ ਰਿਹਾ ਹੈ। ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਰੰਗਲੇ ਪੰਜਾਬ ਦੇ ਰੰਗਲੇ ਸੱਭਿਆਚਾਰ ਨਾਲ ਜੋੜਨ ਦੀ ਲੋੜ ਹੈ।
ਪੰਜਾਬੀ ਸੱਭਿਆਚਾਰ ਦੀਆਂ ਪੁਰਾਣੀਆਂ ਰਵਾਇਤਾਂ ਅਤੇ ਵਿਰਾਸਤੀ ਰੰਗਾਂ ਨੂੰ ਵਿਸ਼ੇਸ਼ ਤੌਰ ’ਤੇ ਇਸ ਪ੍ਰੋਗਰਾਮ ਵਿੱਚ ਉਜਾਗਰ ਕਰਨ ਵਿੱਚ ਤੀਆਂ ਦਾ ਤਿਉਹਾਰ ਵੱਡਾ ਯੋਗਦਾਨ ਪਾਉਂਦਾ ਹੈ। ਇਸ ਤਿਉਹਾਰ ’ਤੇ ਔਰਤਾਂ ਅਤੇ ਲੜਕੀਆਂ ਨੂੰ ਮਿਲ ਕੇ ਪੰਜਾਬੀ ਸੱਭਿਆਚਾਰ ਵਿੱਚ ਰੰਗਦੇ ਹੋਏ ਆਪਣੀਆਂ ਖੁਸ਼ੀਆਂ ਦਾ ਇਜ਼ਹਾਰ ਕਰਕੇ ਇਹ ਸੰਦੇਸ਼ ਦੇਣਾ ਚਾਹੀਦਾ ਹੈ ਕਿ ਸਾਡਾ ਵਿਰਸਾ ਪੂਰੀ ਦੁਨੀਆ ਨਾਲੋਂ ਅਮੀਰ ਹੈ। ਇਸ ਨੂੰ ਬਚਾਉਣ ਲਈ ਹਰ ਇੱਕ ਵਰਗ ਦੇ ਲੋਕਾਂ ਨੂੰ ਆਪਣੀਆਂ ਕੋਸ਼ਿਸ਼ਾਂ ਰਾਹੀਂ ਇਸ ਨੂੰ ਬਚਾਉਣ ਦੀ ਸਖ਼ਤ ਲੋੜ ਹੈ।
ਯੂਥ ਵਾਰਡਨ ਮੀਨਾ ਸ਼ਰਮਾ ਨੇ ਇਹ ਵੀ ਆਖਿਆ ਕਿ ਪੂਰੇ ਭਾਰਤ ਵਿੱਚ ਭਾਰਤ ਸਰਕਾਰ ਅਤੇ ਖੇਡ ਮੰਤਰਾਲੇ ਵੱਲੋਂ ਯੂਥ ਹੋਸਟਲ ਚਲਾਏ ਜਾ ਰਹੇ ਹਨ। ਜਿਸ ਦਾ ਉਦੇਸ਼ ਲੋਕਾਂ ਨੂੰ, ਖਾਸ ਤੌਰ ’ਤੇ ਯੁਵਾ ਵਰਗ ਨੂੰ ਠਹਿਰਨ ਦੀ ਜੋ ਸਹੂਲਤ ਦਿੱਤੀ ਜਾਂਦੀ ਹੈ, ਉਹ ਨੋ ਪ੍ਰੋਫਿਟ ਨੋ ਲੋਸ ਦੇ ਆਧਾਰ ’ਤੇ ਹੁੰਦੀ ਹੈ, ਤਾਂ ਜੋ ਪੂਰੇ ਭਾਰਤ ਦੇ ਯੁਵਾ ਇੱਕ-ਦੂਜੇ ਨਾਲ ਮਿਲ ਕੇ ਭਾਰਤ ਦੀ ਸੰਸਕ੍ਰਿਤੀ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਣ।
ਇਸ ਪ੍ਰੋਗਰਾਮ ਵਿੱਚ ਅਮਨਦੀਪ ਕੌਰ ਵੱਲੋਂ ਸਟੇਜ ਦੀ ਭੂਮਿਕਾ ਬੜੇ ਸੁਚੱਜੇ ਢੰਗ ਨਾਲ ਨਿਭਾਈ ਗਈ ਅਤੇ ਤ੍ਰਿਪਤੀ ਸ਼ਰਮਾ ਨੂੰ ਸੁੰਦਰ ਮੁਟਿਆਰ ਦਾ ਪਹਿਲਾ ਇਨਾਮ ਦਿੱਤਾ ਗਿਆ।