ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਬੰਦ
ਮੁੰਬਈ:- ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਅਤੇ ਵਿਸ਼ਵਵਿਆਪੀ ਜੋਖਮਾਂ ਤੋਂ ਬਚਣ ਦੀ ਪ੍ਰਵਿਰਤੀ ਕਾਰਨ ਮਜ਼ਬੂਤ ਹੋਏ ਡਾਲਰ ਦੇ ਦਬਾਅ ਹੇਠ ਮੰਗਲਵਾਰ ਨੂੰ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 96.60 ਦੇ ਰਿਕਾਰਡ ਹੇਠਲੇ ਪੱਧਰ ਤੱਕ ਖਿਸਕ ਗਿਆ ਅਤੇ ਬਾਅਦ ਵਿੱਚ 96.52 (ਆਰਜ਼ੀ) 'ਤੇ ਬੰਦ ਹੋਇਆ।
ਰੁਪੱਈਆ ਸਾਲ 2026 ਵਿੱਚ ਏਸ਼ੀਆ ਦੀ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਹੈ, ਜੋ ਅਮਰੀਕੀ ਡਾਲਰ ਦੇ ਮੁਕਾਬਲੇ 96.60 ਦੇ ਇਤਿਹਾਸਕ ਸ਼ੁਰੂਆਤੀ ਹੇਠਲੇ ਪੱਧਰ ਤੱਕ ਟੁੱਟ ਗਿਆ ਹੈ। ਇਸ ਮਹੀਨੇ ਕਰੰਸੀ ਵਿੱਚ 1.5 ਫ਼ੀਸਦੀ ਅਤੇ ਇਸ ਸਾਲ ਹੁਣ ਤੱਕ 7 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆ ਚੁੱਕੀ ਹੈ।
ਫੋਰੈਕਸ (ਵਿਦੇਸ਼ੀ ਮੁਦਰਾ) ਕਾਰੋਬਾਰੀਆਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਹੋਰਮੁਜ਼ ਜਲਮਾਰਗ (ਸਟਰੇਟ ਆਫ਼ ਹੋਰਮੁਜ਼) ਦੇ ਬੰਦ ਹੋਣ ਕਾਰਨ ਰੁਪੱਈਆ ਅਜੇ ਵੀ ਕਮਜ਼ੋਰ ਬਣਿਆ ਹੋਇਆ ਹੈ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 96.38 'ਤੇ ਖੁੱਲ੍ਹਿਆ, ਫਿਰ ਹੋਰ ਕਮਜ਼ੋਰ ਹੋ ਕੇ 96.60 ਦੇ ਰਿਕਾਰਡ ਹੇਠਲੇ ਪੱਧਰ ਨੂੰ ਛੂਹ ਗਿਆ, ਅਤੇ ਬਾਅਦ ਵਿੱਚ ਪਿਛਲੇ ਬੰਦ ਦੇ ਮੁਕਾਬਲੇ 32 ਪੈਸੇ ਦੀ ਗਿਰਾਵਟ ਦਰਜ ਕਰਦੇ ਹੋਏ 96.52 (ਆਰਜ਼ੀ) 'ਤੇ ਬੰਦ ਹੋਇਆ।
ਸੋਮਵਾਰ ਨੂੰ ਭਾਰਤੀ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 96.20 ਦੇ ਰਿਕਾਰਡ ਹੇਠਲੇ ਪੱਧਰ 'ਤੇ ਬੰਦ ਹੋਇਆ ਸੀ। ਦੂਜੇ ਪਾਸੇ ਸ਼ੇਅਰ ਮਾਰਕੀਟ ਦੇ ਕਾਰੋਬਾਰ ਦੇ ਆਖ਼ਰੀ ਘੰਟਿਆਂ ਵਿੱਚ ਐੱਚ.ਡੀ.ਐਫ.ਸੀ. ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਵਰਗੇ ਦਿੱਗਜ ਸ਼ੇਅਰਾਂ ਵਿੱਚ ਹੋਈ ਬਿਕਵਾਲੀ ਨੇ ਬਾਜ਼ਾਰ 'ਤੇ ਦਬਾਅ ਪਾਇਆ। BSE ਦਾ 30 ਸ਼ੇਅਰਾਂ ਵਾਲਾ ਸੂਚਕ ਸੈਂਸੈਕਸ 114.19 ਅੰਕ (0.15%) ਦੀ ਗਿਰਾਵਟ ਨਾਲ 75,200.85 'ਤੇ ਬੰਦ ਹੋਇਆ, ਜਦੋਂ ਕਿ ਦਿਨ ਵੇਲੇ ਇਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਈਰਾਨ 'ਤੇ ਹਮਲੇ ਰੋਕਣ ਦੇ ਬਿਆਨ ਤੋਂ ਬਾਅਦ 431 ਅੰਕ ਤੱਕ ਉਛਲ ਗਿਆ ਸੀ।
ਇਸੇ ਤਰ੍ਹਾਂ NSE Nifty ਵੀ 31.95 ਅੰਕ (0.14%) ਟੁੱਟ ਕੇ 23,618 'ਤੇ ਆ ਗਿਆ। ਬਾਜ਼ਾਰ ਵਿੱਚ ਆਈਟੀ ਸੈਕਟਰ ਦੇ ਸ਼ੇਅਰਾਂ ਜਿਵੇਂ ਕਿ ਇਨਫੋਸਿਸ ਅਤੇ ਟੀਸੀਐZਸ ਵਿੱਚ ਤੇਜ਼ੀ ਦੇਖਣ ਨੂੰ ਮਿਲੀ, ਜਿਸ ਨੂੰ ਰੁਪਏ ਦੀ ਗਿਰਾਵਟ ਦਾ ਫਾਇਦਾ ਮਿਲਣ ਦੀ ਉਮੀਦ ਹੈ। ਦੂਜੇ ਪਾਸੇ, ਅਮਰੀਕੀ ਨਿਆਂ ਵਿਭਾਗ ਵੱਲੋਂ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ 'ਤੇ ਲੱਗੇ ਸਾਰੇ ਅਪਰਾਧਿਕ ਦੋਸ਼ ਪੂਰੀ ਤਰ੍ਹਾਂ ਹਟਾਏ ਜਾਣ ਤੋਂ ਬਾਅਦ ਅਡਾਨੀ ਗਰੁੱਪ ਦੇ ਜ਼ਿਆਦਾਤਰ ਸ਼ੇਅਰ ਵਾਧੇ ਨਾਲ ਬੰਦ ਹੋਏ।
