ਖਾਲਸਾ ਕਾਲਜ ਮਾਹਿਲਪੁਰ ਵਿੱਚ ਸੰਤੋਸ਼ ਟਰਾਫੀ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜ਼ਾ

ਹੁਸ਼ਿਆਰਪੁਰ:- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਸਥਿਤ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਸਟੇਡੀਅਮ ਵਿੱਚ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ ਕਰਵਾਏ ਜਾ ਰਹੀ 79ਵੀਂ ਸੰਤੋਸ਼ ਟਰਾਫੀ ਦੇ ਗਰੁੱਪ-ਏ ਦੇ ਫੁੱਟਬਾਲ ਮੈਚਾਂ ਦੀਆਂ ਪ੍ਰਬੰਧਕੀ ਤਿਆਰੀਆਂ ਦਾ ਜਾਇਜ਼ਾ ਅਰਜੁਨ ਐਵਾਰਡੀ ਫੁੱਟਬਾਲ ਖਿਡਾਰੀ ਗੁਰਦੇਵ ਸਿੰਘ ਗਿੱਲ, ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਜੱਗਾ, ਜੁਆਇੰਟ ਸਕੱਤਰ ਵਿਜੇ ਬਾਲੀ, ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਲਿਆ ਗਿਆ। 
ਇਸ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਅਗਵਾਈ ਹੇਠ 15 ਤੋਂ 19 ਦਸੰਬਰ ਤੱਕ ਹੋ ਰਹੇ ਸੰਤੋਸ਼ ਟਰਾਫੀ ਦੇ ਮੈਚਾਂ ਲਈ ਖਾਲਸਾ ਕਾਲਜ ਮਾਹਿਲਪੁਰ ਦੀਆਂ ਖੇਡ ਗਰਾਊਂਡਾਂ ਨੂੰ ਚੁਣਿਆ ਜਾਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਚਾਂ ਦੇ ਚੰਗੇ ਸੰਚਾਲਨ ਲਈ ਤਿਆਰੀਆਂ ਚੱਲ ਰਹੀਆਂ ਹਨ। ਇਸ ਮੌਕੇ ਐਸੋਸੀਏਸ਼ਨ ਦੇ ਸਕੱਤਰ ਹਰਜਿੰਦਰ ਸਿੰਘ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ਵਿਚ ਪੰਜਾਬ , ਜੰਮੂ ਕਸ਼ਮੀਰ, ਲੱਦਾਖ , ਹਿਮਾਚਲ ਪ੍ਰਦੇਸ਼ ਅਤੇ ਹੋਰ ਰਾਜਾਂ ਦੀਆਂ ਟੀਮਾਂ ਸੀਨੀਅਰ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਦੇ ਗਰੁੱਪ ਏ ਵਿਚ ਭਿੜਨਗੀਆਂ।
 ਉਨ੍ਹਾਂ ਕਿਹਾ ਕਿ ਕਾਲਜ ਵਿੱਚ ਸਥਿਤ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਸਟੇਡੀਅਮ ਅਤੇ ਕਾਲਜ ਦੀਆਂ ਖੇਡ ਗਰਾਊਂਡਾਂ ਨੇ ਫੁੱਟਬਾਲ ਦੇ ਇਤਿਹਾਸ ਵਿਚ ਅਹਿਮ ਯੋਗਦਾਨ ਪਾਇਆ ਹੈ ਅਤੇ ਪ੍ਰਬੰਧਕਾਂ ਵਲੋਂ ਬਹੁਤ ਮਿਹਨਤ ਨਾਲ ਸੰਤੋਸ਼ ਟਰਾਫੀ ਦੇ ਮੈਚਾਂ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਹਾਜ਼ਰ ਜੁਆਇੰਟ ਸਕੱਤਰ ਵਿਜੇ ਬਾਲੀ ਅਤੇ ਉੱਘੇ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੇ ਕਿਹਾ ਕਿ ਮਾਹਿਲਪੁਰ ਵਿੱਚ ਸੰਤੋਸ਼ ਟਰਾਫੀ ਦੇ ਫੁੱਟਬਾਲ ਮੈਚ ਇਲਾਕੇ ਦੇ ਖੇਡ ਪ੍ਰੇਮੀਆਂ ਲਈ ਵੱਡਾ ਆਕਰਸ਼ਣ ਹੋਣਗੇ।