ਪ੍ਰਸਿੱਧ ਗੀਤਕਾਰ ਤਰਸੇਮ ਸਾਕੀ ਨਹੀਂ ਰਹੇ

ਨਵਾਂਸ਼ਹਿਰ:- ਨਵਾਂਸ਼ਹਿਰ ਹਲਕੇ ਦੇ ਸਾਹਿਤਕ ਖ਼ੇਤਰ ਦੇ ਬਾਬਾ ਬੋਹੜ ਕਰਕੇ ਜਾਣੇ ਜਾਂਦੇ ਪ੍ਰਸਿੱਧ ਗੀਤਕਾਰ ਅਤੇ ਗ਼ਜ਼ਲਕਾਰ ਜਨਾਬ ਤਰਸੇਮ ਸਾਕੀ ਸੰਸਾਰ ਤੋਂ ਕੂਚ ਕਰ ਗਏ ਹਨ।ਉਹ 90 ਵਰ੍ਹਿਆਂ ਦੇ ਸਨ। ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਦੇ ਲੰਬੇ ਸਮੇਂ ਤੋਂ ਜਨਰਲ ਸਕੱਤਰ ਚੱਲੇ ਆ ਰਹੇ ਤਰਸੇਮ ਸਾਕੀ ਨੇ "ਮੈਂ ਉਦਾਸ ਹਾਂ" ਨਾਲ਼ ਸਾਹਿਤਕ ਖੇਤਰ ਵਿੱਚ ਪ੍ਰਵੇਸ਼ ਕੀਤਾ। 
ਉਸ ਤੋਂ ਬਾਅਦ ਸਾਂਝੀਆਂ ਕਿਰਨਾਂ ਅਤੇ ਹੋਰ ਕਈ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਅਤੇ ਅਨੇਕਾਂ ਸਾਹਿਤਕ ਸੰਸਥਾਵਾਂ ਤੋਂ ਸਨਮਾਨ ਪ੍ਰਾਪਤ ਕੀਤੇ। ਇੱਕ ਦਿਨ ਬੀਮਾਰ ਰਹਿਣ ਤੋਂ ਬਾਅਦ ਉਹਨਾਂ ਸਰਕਾਰੀ ਹਸਪਤਾਲ ਨਵਾਂਸ਼ਹਿਰ ਵਿੱਚ ਆਖ਼ਰੀ ਸਾਹ ਲਏ। ਉਹਨਾਂ ਦੀ ਚਿਖਾ ਨੂੰ ਅਗਨੀ ਬੇਟੇ ਬਲਵਿੰਦਰ ਕੁਮਾਰ ਨੇ ਦਿਖਾਈ। 
ਅੰਤਿਮ ਯਾਤਰਾ ਵਿੱਚ ਬਹੁਜਨ ਸਮਾਜ ਪਾਰਟੀ ਦੇ ਪ੍ਰਵੀਨ ਬੰਗਾ ਜਨਰਲ ਸਕੱਤਰ ਪੰਜਾਬ, ਗਾਇਕ ਰੂਪ ਲਾਲ ਧੀਰ, ਲਖਵਿੰਦਰ ਲੱਖਾ ਸੂਰਾਪੁਰੀ ਪ੍ਰਧਾਨ ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ, ਗਾਇਕ ਹਰਦੇਵ ਚਾਹਲ, ਗਾਇਕ ਰਾਜ ਦਦਰਾਲ, ਗਾਇਕ ਐਸ ਐਸ ਆਜ਼ਾਦ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜ਼ਿਲ੍ਹਾ ਪ੍ਰਧਾਨ ਦੇਸ ਰਾਜ ਬਾਲੀ, ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਤੋਂ ਦਰਸ਼ਨ ਦਰਦੀ ਪ੍ਰਧਾਨ, ਹਰਬਲਾਸ ਬੱਧਣ, ਰਾਮ ਲਾਲ ਫੁਰਤੀਲਾ, ਚੇਅਰਮੈਨ ਮਨਮੋਹਨ ਸਿੰਘ ਗੁਲਾਟੀ, ਵੀਨਾ ਸ਼ਰਮਾ, ਸ਼ਮਾ ਮੱਲ੍ਹਣ, ਨਵਜੋਤ ਸਾਹਿਤ ਸੰਸਥਾ ਔੜ ਤੋਂ ਸੁੱਚਾ ਰਾਮ ਜਾਡਲਾ ਸਾਬਕਾ ਬੀ ਪੀ ਈ ਓ, ਚਮਨ ਲਾਲ ਮੱਲਪੁਰੀ ਪ੍ਰੋਜੈਕਟ ਡਾਇਰੈਕਟਰ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ, ਨਿਰੰਕਾਰੀ ਭਵਨ ਤੋਂ ਪਰਸ ਰਾਮ, ਰੇਸ਼ਮ ਲਾਲ ਅਤੇ ਹੋਰ ਮਹਾਂਪੁਰਸ਼ ਹਾਜ਼ਰ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ 28 ਦਸੰਬਰ ਦਿਨ ਐਤਵਾਰ ਨੂੰ ਹੋਵੇਗਾ।