ਪ੍ਰਸਿੱਧ ਕਰਮਯੋਗੀ ਉਪਕਾਰ ਸਿੰਘ ਦਾ ਗਣਤੰਤਰ ਦਿਵਸ ਮੌਕੇ ਸਨਮਾਨ

ਪਟਿਆਲਾ:- ਪਿਛਲੇ ਦਿਨੀਂ ਗਣਤੰਤਰ ਦਿਸਵ ਦੇ ਮੌਕੇ ਤੇ ਪ੍ਰਸਿੱਧ ਸਮਾਜ ਸੇਵੀ ਅਤੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ (ਰਜਿ) ਪਟਿਆਲਾ ਦੇ ਪ੍ਰਧਾਨ ਉਪਕਾਰ ਸਿੰਘ ਦਾ ਉਹਨਾਂ ਵੱਲੋਂ ਸਮਾਜ ਸੇਵਾ ਦੇ ਵੱਖ—ਵੱਖ ਖੇਤਰਾਂ ਵਿੱਚ ਕੀਤੀਆਂ ਨਿਵੇਕਲੀਆਂ ਸੇਵਾਵਾਂ ਦੇ ਮੱਦੇ ਨਜ਼ਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਨਮਾਨ ਕੀਤਾ ਗਿਆ। ਉਪਕਾਰ ਸਿੰਘ ਬੁਨਿਆਦੀ ਰੂਪ ਵਿੱਚ ਪੰਜਾਬ ਦੇ ਸਿੱਖਿਆ ਵਿਭਾਗ ਵਿਚੋਂ ਬਤੌਰ ਅਧਿਕਾਰੀ ਰਿਟਾਇਰ ਹੋਏ ਹਨ। ਸਮਾਜ ਸੇਵਾ ਦੀ ਗੁੜ੍ਹਤੀ ਉਹਨਾਂ ਨੂੰ ਬਚਪਨ ਵਿੱਚ ਹੀ ਆਪਣੇ ਪਿਤਾ ਸਵ: ਭਾਈ ਗਿਆਨ ਸਿੰਘ ਤੋਂ ਪ੍ਰਾਪਤ ਹੋਈ। 
ਇਨ੍ਹਾਂ ਦੇ ਪਿਤਾ ਜੀ ਗੁਰਬਾਣੀ ਦੇ ਗੂੜੁ ਗਿਆਤਾ ਅਤੇ ਸਮਾਜ ਸੇਵੀ ਸਨ। ਉਸੇ ਪਿਤਾ—ਪੁਰਖੀ ਅਕੀਦਿਆਂ ਤੇ ਚਲਦਿਆਂ ਸ੍ਰ. ਉਪਕਾਰ ਸਿੰਘ ਵਲੋਂ ਆਪਣੇ ਪਿਤਾ ਦੇ ਨਾਂ ਤੇ ਸੁਸਾਇਟੀ ਰਜਿਸਟਰਡ ਕਰਕੇ ਸਮਾਜ ਸੇਵਾ ਦੇ ਵੱਖ—ਵੱਖ ਖੇਤਰਾਂ ਵਿੱਚ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ। ਹੁਣ ਤੱਕ ਇਹਨਾਂ ਦੀ ਸੁਸਾਇਟੀ ਵੱਲੋਂ ਸੈਂਕੜੇ ਮੈਡੀਕਲ ਚੈੱਕਅੱਪ, ਖੂਨਦਾਨ ਅਤੇ ਵਾਤਾਵਰਨ ਸੰਭਾਲ ਨਾਲ ਸਬੰਧਤ ਕੈਂਪਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ। 
ਇਸ ਤੋਂ ਇਲਾਵਾ ਲੋੜਵੰਦ ਅਤੇ ਹੋਣਹਾਰ ਬੱਚਿਆਂ ਨੂੰ ਲਿਖਣ ਸਮੱਗਰੀ ਅਤੇ ਵਰਦੀਆਂ ਉਪਲਬਧ ਕਰਵਾਉਣੀਆਂ, ਵਾਤਾਵਰਨ ਸੰਭਾਲ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ, ਭਰੂਣ ਹੱਤਿਆ ਰੋਕਣ ਸਬੰਧੀ ਜਾਗਰੂਕਤਾ ਲਿਆਉਣਾ, ਜਨਤਕ ਥਾਵਾਂ ਤੇ ਪੌਦੇ ਲਗਾਉਣਾ, ਨੌਜਵਾਨਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਪ੍ਰਤੀ ਸੁਚੇਤ ਕਰਨਾ, ਨਿਰੋਗ ਜੀਵਨ ਸਬੰਧੀ ਸੈਮੀਨਾਰ/ ਲੈਕਚਰ ਆਯੋਜਨ ਕਰਨਾ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣਾ, ਜੂਟ/ਕੱਪੜਿਆਂ ਦੇ ਥੈਲਿਆਂ ਦੀ ਵਰਤੋਂ ਸਬੰਧੀ ਲੋਕਾਂ ਨੂੰ ਉਤਸ਼ਾਹਿਤ ਕਰਨਾ ਅਤੇ ਸਮਾਜਿਕ ਜਾਗਰੂਕਤਾ ਨਾਲ ਜੁੜੇ ਮੁੱਦਿਆਂ ਤੇ ਨਾਟਕਾਂ ਅਤੇ ਸੈਮੀਨਾਰਾਂ ਦਾ ਆਯੋਜਨ ਕਰਨਾ ਇਨ੍ਹਾਂ ਦੀ ਸੁਸਾਇਟੀ ਦੇ ਨਿਵੇਕਲੇ ਕਾਰਜ ਹਨ। 
ਇਸ ਤੋਂ ਇਲਾਵਾ ਸ੍ਰ. ਉਪਕਾਰ ਸਿੰਘ ਦੀ ਅਗਵਾਈ ਵਿੱਚ ਸੁਸਾਇਟੀ ਵਲੋਂ ਹਰ ਸਾਲ ਅੰਤਰ—ਰਾਸ਼ਟਰੀ ਇਸਤਰੀ ਦਿਵਸ ਅਤੇ ਅੰਤਰ ਰਾਸ਼ਟਰੀ ਅਧਿਆਪਕ ਦਿਵਸ ਦੇ ਮੌਕੇ ਤੇ ਸਮਾਜ ਸੇਵਾ ਦੇ ਵੱਖ—ਵੱਖ ਖੇਤਰਾਂ ਵਿੱਚ ਵਿਲੱਖਣ ਕੰਮ ਕਰਨ ਵਾਲੀਆਂ ਸ਼ਖ਼ਸ਼ੀਅਤਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ। ਹੁਣ ਤੱਕ ਇਨਾਂ ਦੀ ਸੁਸਾਇਟੀ ਵਲੋਂ ਸੈਂਕੜੇ ਸਖਸ਼ੀਅਤਾਂ ਨੂੰ ਸਨਮਾਨਤ ਕੀਤਾ ਜਾ ਚੁੱਕਾ ਹੈ। ਆਪ ਵਲੋਂ ਪਿਛਲੇ ਕੁੱਝ ਸਾਲਾਂ ਤੋਂ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਮੌਕੇ ਮਿਨੀ ਮੈਰਾਥਨ ਰੇਸ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। 
ਪਿਛਲੇ ਸਾਲ ਆਏ ਹੜ੍ਹਾਂ ਦੇ ਮੌਕੇ ਸ੍ਰ. ਉਪਕਾਰ ਸਿੰਘ ਦੀ ਅਗਵਾਈ ਵਿੱਚ ਸੁਸਾਇਟੀ ਵਲੋਂ ਪਿੰਡਾਂ ਵਿੱਚ ਜਾ ਕੇ ਲੋੜਵੰਦਾਂ ਨੂੰ ਲੱਖਾਂ ਰੁਪਏ ਦੀ ਸਮੱਗਰੀ ਵੰਡੀ ਗਈ ਸੀ। ਸੁਸਾਇਟੀ ਵਲੋਂ ਸਾਹਬਿਜ਼ਾਦਿਆਂ ਦੇ ਸ਼ਹੀਦੀ ਦਿਵਸ ਤੋਂ ਇਲਾਵਾ ਮਹੱਤਵਪੂਰਨ ਦਿਵਸਾਂ ਦੇ ਮੌਕੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਮਾਜ ਸੇਵਾ ਦੇ ਇਹ ਕਾਰਜ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਸ੍ਰ. ਉਪਕਾਰ ਸਿੰਘ ਵਲੋਂ ਨਿਜੀ ਅਤੇ ਸੁਸਾਇਟੀ ਮੈਂਬਰਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। 
ਅਜੋਕੇ ਪਦਾਰਥਵਾਦੀ ਯੁੱਗ ਵਿੱਚ ਸ੍ਰ. ਉਪਕਾਰ ਸਿੰਘ ਸਮਾਜ ਦੇ ਦੂਸਰੇ ਲੋਕਾਂ ਲਈ ਸਮਰਪਨ ਦੀ ਇੱਕ ਵੱਡੀ ਉਦਾਹਰਣ ਹਨ। ਅਜਿਹੇ ਕਰਮਯੋਗੀ ਦਾ ਸਨਮਾਨ ਅਸਲ ਵਿੱਚ ਉਹਨਾਂ ਦੀਆਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੀਆਂ ਕਾਰਗੁਜਾਰੀਆਂ ਨੂੰ ਮਾਣਤਾ ਦੇਣਾ ਹੈ ਜਿਸ ਨਾਲ ਸਮਾਜ ਦੇ ਦੂਸਰੇ ਲੋਕਾਂ ਨੂੰ ਵੀ ਪ੍ਰੇਰਨਾ ਮਿਲੇਗੀ।