ਰਿਲਾਇੰਸ ਅਨਿਲ ਅੰਬਾਨੀ ਕੇਸ ਈਡੀ ਵੱਲੋਂ ਯੈੱਸ ਬੈਂਕ ਦੇ ਰਾਣਾ ਕਪੂਰ ਤੋਂ ਪੁੱਛਗਿੱਛ

ਨਵੀਂ ਦਿੱਲੀ:- ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਰਿਲਾਇੰਸ ਅਨਿਲ ਅੰਬਾਨੀ ਸਮੂਹ ਦੀਆਂ ਕੰਪਨੀਆਂ ਖ਼ਿਲਾਫ਼ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਯੈੱਸ ਬੈਂਕ ਦੇ ਸਹਿ-ਸੰਸਥਾਪਕ ਰਾਣਾ ਕਪੂਰ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਕਪੂਰ ਦਾ ਬਿਆਨ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਦਰਜ ਕੀਤਾ ਗਿਆ। 68 ਸਾਲਾ ਕਪੂਰ ਨੂੰ ਇਸ ਤੋਂ ਪਹਿਲਾਂ ਵੀ ਉਸ ਬੈਂਕ ਵੱਲੋਂ ਕਰਜ਼ਿਆਂ ਦੇ ਕਥਿਤ ਗੈਰ-ਕਾਨੂੰਨੀ ਵੰਡ ਨਾਲ ਜੁੜੇ ਵੱਖਰੇ ਮਨੀ ਲਾਂਡਰਿੰਗ ਮਾਮਲਿਆਂ ਵਿੱਚ ਈ.ਡੀ. ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਪੁੱਛਗਿੱਛ ਕੀਤੀ ਗਈ ਸੀ।
ਈ.ਡੀ. ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਕੇਸ ਵਿੱਚ ਕਪੂਰ ਅਤੇ ਅੰਬਾਨੀ ਵਿਚਕਾਰ ‘quid pro quo’ ਹੋਣ ਦਾ ਸ਼ੱਕ ਹੈ। ਈ.ਡੀ. ਦੀ ਪੁੱਛਗਿੱਛ ਅਤੇ ਸਬੰਧਤ ਦੋਸ਼ਾਂ ’ਤੇ ਕਪੂਰ ਜਾਂ ਉਸਦੇ ਵਕੀਲਾਂ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਅਧਿਕਾਰੀਆਂ ਅਨੁਸਾਰ, 31 ਮਾਰਚ 2017 ਤੱਕ ਯੈੱਸ ਬੈਂਕ ਦਾ ਰਿਲਾਇੰਸ ਅਨਿਲ ਅੰਬਾਨੀ ਸਮੂਹ ਵਿੱਚ ਲਗਭਗ 6,000 ਕਰੋੜ ਰੁਪਏ ਦਾ ਨਿਵੇਸ਼ ਸੀ ਅਤੇ ਇਹ ਅੰਕੜਾ ਇੱਕ ਸਾਲ ਦੇ ਅੰਦਰ (31 ਮਾਰਚ 2018 ਤੱਕ) ਦੁੱਗਣਾ ਹੋ ਕੇ 13,000 ਕਰੋੜ ਰੁਪਏ ਹੋ ਗਿਆ ਸੀ। 
ਜਾਂਚ ਅਧੀਨ ਕੰਪਨੀਆਂ ਰਿਲਾਇੰਸ ਹੋਮ ਫਾਈਨਾਂਸ ਲਿਮਟਿਡ ਅਤੇ ਰਿਲਾਇੰਸ ਕਮਰਸ਼ੀਅਲ ਫਾਈਨਾਂਸ ਲਿਮਟਿਡ ਹਨ। ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਇਹਨਾਂ ਨਿਵੇਸ਼ਾਂ ਦਾ ਇੱਕ ਵੱਡਾ ਹਿੱਸਾ ਗੈਰ-ਕਾਰਗੁਜ਼ਾਰੀ ਨਿਵੇਸ਼ਾਂ ਵਿੱਚ ਬਦਲ ਗਿਆ ਅਤੇ ਨਤੀਜੇ ਵਜੋਂ, ਬੈਂਕ ਨੂੰ ਇਹਨਾਂ ਸੌਦਿਆਂ ਤੋਂ 3,300 ਕਰੋੜ ਰੁਪਏ ਦਾ ਨੁਕਸਾਨ ਹੋਇਆ।
ਉਨ੍ਹਾਂ ਦੋਸ਼ ਲਾਇਆ ਕਿ ਇਹ ਆਮ ਕਾਰੋਬਾਰੀ ਲੈਣ-ਦੇਣ ਨਹੀਂ ਸਨ, ਸਗੋਂ ਯੈੱਸ ਬੈਂਕ ਦੇ ਨਿਵੇਸ਼ਾਂ ਦੇ ਬਦਲੇ ‘quid pro quo’ ਵਿੱਚ ਸਨ। ਉਨ੍ਹਾਂ ਕਿਹਾ ਕਿ ਏ.ਡੀ.ਏ.ਜੀ. ਕੰਪਨੀਆਂ ਨੇ ਕਪੂਰ ਦੇ ਪਰਿਵਾਰ ਦੇ ਨਿਯੰਤਰਣ ਵਾਲੀਆਂ ਫਰਮਾਂ ਨੂੰ ਕਰਜ਼ੇ ‘ ਮਨਜ਼ੂਰ’ ਕੀਤੇ ਸਨ।
ਈ.ਡੀ. ਨੂੰ ਸ਼ੱਕ ਹੈ ਕਿ ਦੋ ਕਾਰੋਬਾਰੀਆਂ ਨੇ ਇਹਨਾਂ ਸੌਦਿਆਂ ਬਾਰੇ ਨਿੱਜੀ ਮੀਟਿੰਗਾਂ ਕੀਤੀਆਂ ਸਨ। ਇਹ ਜਾਂਚ 2017-2019 ਦੀ ਮਿਆਦ ਨਾਲ ਸਬੰਧਤ ਹੈ, ਜਦੋਂ ਯੈੱਸ ਬੈਂਕ ਨੇ ਕਥਿਤ ਤੌਰ ’ਤੇ ਆਰ.ਐੱਚ.ਐੱਫ.ਐੱਲ. ਸਾਧਨਾਂ ਵਿੱਚ 2,965 ਕਰੋੜ ਰੁਪਏ ਅਤੇ ਰਿਲਾਇੰਸ ਕਮਰਸ਼ੀਅਲ ਫਾਈਨਾਂਸ ਲਿਮਟਿਡ ਵਿੱਚ 2,045 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਈ.ਡੀ. ਅਨੁਸਾਰ, ਆਰ.ਐੱਚ.ਐੱਫ.ਐੱਲ. ਲਈ ਬਕਾਇਆ 1,353.5 ਕਰੋੜ ਰੁਪਏ ਅਤੇ ਰਿਲਾਇੰਸ ਕਮਰਸ਼ੀਅਲ ਫਾਈਨਾਂਸ ਲਿਮਟਿਡ ਲਈ 1,984 ਕਰੋੜ ਰੁਪਏ ਸੀ ਅਤੇ ਜਾਂਚ ਵਿੱਚ ਪਾਇਆ ਗਿਆ ਕਿ ਦੋਵਾਂ ਕੰਪਨੀਆਂ ਨੇ 11,000 ਕਰੋੜ ਰੁਪਏ ਤੋਂ ਵੱਧ ਦਾ ਜਨਤਕ ਫੰਡ ਪ੍ਰਾਪਤ ਕੀਤਾ ਸੀ। 66 ਸਾਲਾ ਅੰਬਾਨੀ ਤੋਂ ਪਿਛਲੇ ਸਮੇਂ ਵਿੱਚ ਵੀ ਉਸਦੇ ਸਮੂਹ ਦੀਆਂ ਕੰਪਨੀਆਂ ਦੀਆਂ ਕਥਿਤ ਬੈਂਕ ਕਰਜ਼ਾ ‘ਬੇਨਿਯਮੀਆਂ’ ਦੇ ਸਬੰਧ ਵਿੱਚ ਈ.ਡੀ. ਵੱਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਰਿਲਾਇੰਸ ਸਮੂਹ ਦੀਆਂ ਕੰਪਨੀਆਂ ਨੇ ਵਾਰ-ਵਾਰ ਕਿਹਾ ਹੈ ਕਿ ਅੰਬਾਨੀ ਸਮੂਹ ਦੇ ਰੋਜ਼ਾਨਾ ਪ੍ਰਬੰਧਨ ਵਿੱਚ ਸ਼ਾਮਲ ਨਹੀਂ ਹਨ। ਈ.ਡੀ. ਨੇ ਹਾਲ ਹੀ ਵਿੱਚ ਅਨਿਲ ਅੰਬਾਨੀ ਸਮੂਹ ਦੀਆਂ ਕੁਝ ਕੰਪਨੀਆਂ ਨਾਲ ਸਬੰਧਤ 1,120 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ।