ਮਲਵਈ ਗਾਉਣ ਪ੍ਰੰਪਰਾ ਬਾਰੇ ਡਾ ਲਾਭ ਸਿੰਘ ਖੀਵਾ ਦੀ ਪੁਸਤਕ ਰਿਲੀਜ਼
ਚੰਡੀਗੜ੍ਹ, 13 ਸਤੰਬਰ:- ਅੱਜ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਉੱਘੇ ਲੇਖਕ, ਆਲੋਚਕ ਅਤੇ ਚਿੰਤਕ ਡਾ. ਲਾਭ ਸਿੰਘ ਖੀਵਾ ਦੀ ਪੁਸਤਕ ‘ਮਲਵਈ ਗਾਉਣ: ਅਧਿਐਨ ਅਤੇ ਸੰਪਾਦਨ’ ਲੋਕ-ਅਰਪਣ ਕੀਤੀ ਗਈ ਜਿਸ ਲਈ ਪੰਜਾਬ ਕਲਾ ਪ੍ਰੀਸ਼ਦ ਨੇ ਸਹਿਯੋਗ ਦਿੱਤਾ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕੀਤੀ। ਪ੍ਰਸਿੱਧ ਸਾਹਿਤਕਾਰ ਜੰਗ ਬਹਾਦਰ ਗੋਇਲ ਇਸ ਮੌਕੇ ਮੁੱਖ ਮਹਿਮਾਨ ਸਨ ਜਦ ਕਿ ਡਾ. ਜਲੌਰ ਸਿੰਘ ਖੀਵਾ ਅਤੇ ਡਾ. ਦਵਿੰਦਰ ਸਿੰਘ ਬੋਹਾ ਨੇ ਬਤੌਰ ਬੁਲਾਰੇ ਸ਼ਿਰਕਤ ਕੀਤੀ।
ਕਿਤਾਬ ਰਿਲੀਜ਼ ਕਰਨ ਵੇਲ਼ੇ ਪੰਜਾਬੀ ਲੇਖਕ ਸਭਾ ਵੱਲੋਂ ਗੁਰਨਾਮ ਕੰਵਰ ਅਤੇ ਸੱਚਪ੍ਰੀਤ ਖੀਵਾ ਨੇ ਮੌਜੂਦਗੀ ਦਰਜ ਕਰਵਾਈ। ਮੰਚ ਸੰਚਾਲਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਆਖਿਆ ਕਿ ਮਲਵਈ ਗਾਉਣ ਪ੍ਰੰਪਰਾ ਇੱਕ ਅਮੀਰ ਵਿਰਾਸਤ ਦੀ ਤਰਜਮਾਨੀ ਕਰਦੀ ਹੈ। ਗੁਰਨਾਮ ਕੰਵਰ ਨੇ ਸੁਆਗਤੀ ਸ਼ਬਦਾਂ ਵਿੱਚ ਕਿਹਾ ਕਿ ਅਜਿਹੇ ਉਪਰਾਲੇ ਪੰਜਾਬੀ ਲੇਖਕ ਸਭਾ ਦੇ ਵਿਲੱਖਣ ਕਾਰਜਾਂ ਲਈ ਹੋਰ ਪ੍ਰੇਰਣਾ ਸ੍ਰੋਤ ਬਣਦੇ ਹਨ। ਅਮਰਜੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਲੰਮੀ ਹੇਕ ਦੇ ਦੋ ਗੀਤ ਸੁਣਾ ਕੇ ਹਾਜ਼ਿਰ ਦਰਸ਼ਕਾਂ ਦੀ ਭਰਪੂਰ ਪ੍ਰਸ਼ੰਸਾ ਖੱਟੀ। ਲਾਭ ਸਿੰਘ ਲਹਿਲੀ ਨੇ ਵੀ ਇੱਕ ਗੀਤ ਸੁਣਾਇਆ।
ਡਾ. ਜਲੌਰ ਸਿੰਘ ਖੀਵਾ ਦਾ ਕਹਿਣਾ ਸੀ ਕਿ ਮਾਲਵੇ ਦੀ ਲੋਕ ਧਾਰਾ ਬਹੁਤ ਮਜ਼ਬੂਤ ਹੈ। ਇਹ ਖਿੱਤਾ ਪਰਾਕ੍ਰਿਤੀ ਦੇ ਬਹੁਤ ਨੇੜੇ ਹੈ ਜਿੱਥੇ ਸਭ ਤੋਂ ਵੱਧ ਲੋਕ ਬੋਲੀਆਂ, ਕਿੱਸਾ-ਕਾਵਿ ਅਤੇ ਕਵੀਸ਼ਰੀ ਦੀ ਸਿਰਜਣਾ ਹੋਈ। ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਘੱਗਰ ਤੋਂ ਸਤਲੁਜ ਤੱਕ ਫੈਲੇ ਇਸ ਇਲਾਕੇ ਦੇ ਭੂਗੋਲਿਕ ਅਤੇ ਭਾਸ਼ਾਈ ਤੱਤ ਨੇ ਇਸ ਦੀਆਂ ਬਾਕਮਾਲ ਗਾਉਣ ਸ਼ੈਲੀਆਂ ਵਿਕਸਿਤ ਕੀਤੀਆਂ ਹਨ। ਕਹਾਣੀਕਾਰ ਪਰਮਜੀਤ ਮਾਨ ਨੇ ਕਿਹਾ ਕਿ ਮਲਵਈ ਸਾਹਿਤ ਨੂੰ ਸਮਾਜਿਕ, ਆਰਥਿਕ, ਇਤਿਹਾਸਕ ਅਤੇ ਧਾਰਮਿਕ ਪਰਿਪੇਖ ਰਾਹੀਂ ਜਾਣ ਕੇ ਇਸ ਨੂੰ ਸਮਝਿਆ ਜਾ ਸਕਦਾ ਹੈ। ਲੇਖਕ ਡਾ. ਲਾਭ ਸਿੰਘ ਖੀਵਾ ਨੇ ਆਪਣੀ ਸਿਰਜਣ ਪ੍ਰਕ੍ਰਿਆ ਬਾਰੇ ਬੋਲਦਿਆਂ ਕਿਹਾ ਕਿ ਖਿੱਤੇ ਦੀ ਮਾਨਸਿਕਤਾ ਗੀਤਾਂ ਅਤੇ ਰੀਤਾਂ ਵਿੱਚ ਹੁੰਦੀ ਹੈ ਜਿਸ ਦੀ ਵਿਰਾਸਤੀ ਮਹੱਤਤਾ ਹੈ। ਜੰਗ ਬਹਾਦਰ ਗੋਇਲ ਨੇ ਕਿਹਾ ਕਿ ਸਾਡੀ ਗਾਇਕੀ ਵਾਲੀ ਵਿਰਾਸਤ ਲੋਰੀ ਤੋਂ ਲੈ ਕੇ ਵੈਣ ਪਾਉਣ ਤੱਕ ਹੈ ਜਿਹੜੀ ਮਲਵਈਆਂ ਦੀ ਮੂਲ ਪਹਿਚਾਣ ਹੈ।
ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਲੋਕ ਧਾਰਾ ਦੇ ਮਾਧਿਅਮ ਨਾਲ਼ ਪੰਜਾਬ ਅਤੇ ਵਿਸ਼ੇਸ਼ ਕਰ ਮਾਲਵੇ ਦੀ ਇਤਿਹਾਸਕਾਰੀ ਬੇਹਤਰ ਕੀਤੀ ਜਾ ਸਕਦੀ ਹੈ। ਧੰਨਵਾਦੀ ਸ਼ਬਦਾਂ ਵਿੱਚ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਉਹਨਾਂ ਸਾਰਿਆਂ ਵਾਸਤੇ ਬੜੇ ਲਾਹੇਵੰਦ ਹਨ ਜਿਹੜੇ ਇਸ ਲੋਕ ਪ੍ਰੰਪਰਾ ਨਾਲ਼ ਜੁੜੇ ਰਹਿਣਾ ਚਾਹੁੰਦੇ ਹਨ। ਜਿਨ੍ਹਾਂ ਸ਼ਖ਼ਸੀਅਤਾਂ ਨੇ ਅੱਜ ਦੇ ਇਸ ਸਮਾਗਮ ਨੂੰ ਨਿੱਠ ਕੇ ਮਾਣਿਆ ਉਹਨਾਂ ਵਿੱਚ ਬਲਕਾਰ ਸਿੱਧੂ, ਕੈਪਟਨ ਨਰਿੰਦਰ ਸਿੰਘ, ਡਾ. ਅਵਤਾਰ ਸਿੰਘ ਪਤੰਗ, ਦਵਿੰਦਰ ਦਮਨ, ਜਸਵੰਤ ਦਮਨ, ਊਸ਼ਾ ਕੰਵਰ, ਮਨਜੀਤ ਕੌਰ ਮੀਤ, ਸੁਖਵਿੰਦਰ ਸਿੱਧੂ, ਹਰਮਿੰਦਰ ਕਾਲੜਾ, ਧਿਆਨ ਸਿੰਘ ਕਾਹਲੋਂ, ਗੁਰਮੇਲ ਸਿੰਘ ਮੋਜੋਵਾਲ, ਹਰਿੰਦਰ ਸਿੰਘ ਸੋਹਲ, ਹਰਪ੍ਰੀਤ ਸਿੰਘ ਚੰਨੂੰ, ਦਿਲਦਾਰ ਸਿੰਘ, ਅਮੀਰ ਸੁਲਤਾਨਾ, ਮਨਦੀਪ ਸਿੰਘ, ਡਾ. ਗੁਰਦੇਵ ਸਿੰਘ ਗਿੱਲ, ਡਾ. ਹਰਬੰਸ ਕੌਰ ਗਿੱਲ, ਅਮਰਾਓ ਗਿੱਲ, ਤੇਜਾ ਸਿੰਘ ਥੂਹਾ, ਸੰਜੀਤ ਕੁਮਾਰ, ਪਰਮਜੀਤ ਪਰਮ, ਸਰਦਾਰਾ ਸਿੰਘ ਚੀਮਾ, ਰਮਨ ਸੰਧੂ, ਵਰਿੰਦਰ ਚੱਠਾ, ਡਾ. ਸੁਰਿੰਦਰ ਗਿੱਲ, ਕਮਲਜੀਤ ਸਿੰਘ ਬਣਵੈਤ, ਵਿੰਦਰ ਮਾਝੀ, ਡਾ. ਰੇਖਾ ਮਿੱਤਲ, ਪੂਜਾ ਕੰਬੋਜ, ਕੋਮਲ, ਰਾਜਵੀਰ ਕੌਰ, ਬੇਅੰਤ ਕੌਰ, ਸਰਬਜੀਤ ਸਿੰਘ ਪੱਡਾ, ਡਾ. ਰਿਚਪਾਲ ਕੌਰ, ਇਕਬਾਲ ਸਿੰਘ ਭਾਕਰ, ਸ਼ਮਸ਼ੀਲ ਸਿੰਘ ਸੋਢੀ, ਚਰਨਜੀਤ ਕੌਰ ਬਾਠ, ਸੁਖਵਿੰਦਰ ਸਿੰਘ, ਸੁਰਿੰਦਰ ਕੁਮਾਰ, ਕੁਲਦੀਪ ਕੌਰ, ਗੁਰਵਿੰਦਰ ਸਿੰਘ ਭੁੱਲਰ, ਦੀਪਕ ਮਹਿਤਾ, ਸੁਖਰਾਜ ਕੌਰ, ਸੀਮਾ ਸ਼ਰਮਾ, ਪ੍ਰਤਾਪ ਪਾਰਸ ਗੁਰਦਾਸਪੁਰੀ, ਬਲਦੇਵ ਸਿੰਘ ਬਿੰਦਰਾ, ਦਿਲਬਾਗ ਬਾਗ, ਗੁਰਮੀਤ ਸਿੰਘ ਸਿੰਗਲ, ਕੰਵਲਦੀਪ ਕੌਰ, ਸਰੂਪ ਸਿਆਲਵੀ, ਸੁਰਜੀਤ ਸੁਮਨ, ਗੁਰਲਾਲ ਸਿੰਘ, ਰਾਜ ਸਮੱਧਰ, ਗੁਰਚਰਨ ਸਿੰਘ, ਨਰਿੰਦਰ ਕੌਰ ਮਠਾੜੂ, ਨਿਰਵੈਰ ਕੌਰ, ਹਰਨਾਮ ਸਿੰਘ ਡੱਲਾ, ਗੁਰਜੰਟ ਸਿੰਘ, ਮੋਹਣ ਲਾਲ ਰਾਹੀ, ਰੂਪ ਸਿੰਘ ਦਿਓਲ, ਕਮਲਜੀਤ ਕੌਰ, ਸਰਵਜੀਤ ਸਿੰਘ, ਗੁਰਪ੍ਰੀਤ ਖੋਖਰ, ਰਾਣੀ ਸੁਨੀਤਾ ਸਿੰਘ, ਰਾਬਿੰਦਰ ਸ਼ਰਮਾ, ਇੰਦਰਜੀਤ ਪ੍ਰੇਮੀ, ਪਰਮਿੰਦਰ ਸਿੰਘ ਮਦਾਨ, ਬਲਰਾਜ ਸਹੋਤਾ, ਰੈਕਟਰ ਕਥੂਰੀਆ, ਕਾਰਤਿਕਾ ਸਿੰਘ, ਤਰਲੋਚਨ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਅਨੁਰਾਧਾ ਵਸ਼ਿਸ਼ਟ ਅਤੇ ਸਰਬਜੀਤ ਸਿੰਘ ਦੇ ਨਾਮ ਕਾਬਿਲੇ ਜ਼ਿਕਰ ਹਨ।
