ਮਾਨੂੰਪੁਰ ਦੀ ਪੰਜਾਬੀ ਪਬਲਿਕ ਲਾਇਬਰੇਰੀ ਵਿੱਚ ਪਾਠਕਾਂ ਦੀ ਭਾਰੀ ਰੌਣਕ

ਮਾਨੂੰਪੁਰ, 13 ਅਕਤੂਬਰ:- ਪੰਜਾਬੀ ਸਾਹਿਤ ਸਭਾ (ਨਵੀਂ ਦਿੱਲੀ) ਦੇ ਸਹਿਯੋਗ ਨਾਲ ਚੱਲ ਰਹੀ ਪੰਜਾਬੀ ਪਬਲਿਕ ਲਾਇਬਰੇਰੀ, ਮਾਨੂੰਪੁਰ ਵਿੱਚ ਅੱਜ ਫਿਰ ਪੜ੍ਹਨ-ਲਿਖਣ ਦਾ ਉਤਸ਼ਾਹ ਵੇਖਣ ਨੂੰ ਮਿਲਿਆ। ਫਾਇਲ ਨੰਬਰ 162 ਤਹਿਤ ਦਰਜ ਇਸ ਦਿਨ, ਪਿੰਡ ਦੇ ਬੱਚਿਆਂ, ਨੌਜਵਾਨਾਂ ਅਤੇ ਆਮ ਪਾਠਕਾਂ ਨੇ ਵੱਡੀ ਗਿਣਤੀ ਵਿੱਚ ਲਾਇਬਰੇਰੀ ਵਿੱਚ ਪਹੁੰਚ ਕੇ ਆਪਣੀ ਪਸੰਦ ਦੀਆਂ ਕਿਤਾਬਾਂ ਜਾਰੀ ਕਰਵਾਈਆਂ।
ਲਾਇਬਰੇਰੀ ਦੇ ਸੇਵਾਦਾਰ ਕੁਲਵਿੰਦਰ ਸਿੰਘ ਮਾਨੂੰਪੁਰੀ ਨੇ ਦੱਸਿਆ ਕਿ ਖਾਸ ਤੌਰ 'ਤੇ ਪੰਜਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਕਿਤਾਬਾਂ ਵੱਲ ਵਧ ਰਿਹਾ ਰੁਝਾਨ ਬਹੁਤ ਉਤਸ਼ਾਹਜਨਕ ਹੈ। ਬੱਚੇ ਕਿਤਾਬਾਂ ਘਰ ਲਿਜਾ ਕੇ ਪੜ੍ਹਨ ਦਾ ਲਾਹਾ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਲਾਇਬਰੇਰੀ ਦਾ ਮੁੱਖ ਮੰਤਵ ਮਾਨੂੰਪੁਰ ਦੇ ਹਰ ਬੱਚੇ ਨੂੰ ਕਿਤਾਬ ਨਾਲ ਜੋੜਨਾ, ਹਰ ਨੌਜਵਾਨ ਨੂੰ ਪੜ੍ਹਾਈ ਨੂੰ ਆਪਣਾ ਸਾਥੀ ਬਣਾਉਣ ਲਈ ਪ੍ਰੇਰਿਤ ਕਰਨਾ ਅਤੇ ਹਰ ਘਰ ਵਿੱਚ ਗਿਆਨ ਦੀ ਗੱਲ ਪਹੁੰਚਾਉਣਾ ਹੈ।
"ਕਿਤਾਬ ਇੱਕ ਅਜਿਹੀ ਸੰਗੀ ਹੈ ਜੋ ਬਿਨਾਂ ਬੋਲੇ ਗਿਆਨ ਦਿੰਦੀ ਹੈ ਅਤੇ ਸੋਚਣ ਦੀ ਦਾਤ ਬਖਸ਼ਦੀ ਹੈ," ਉਨ੍ਹਾਂ ਕਿਹਾ।
ਅੰਤ ਵਿੱਚ ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਇਹ ਨਿੱਕੇ ਪਾਠਕ ਪੜ੍ਹ-ਲਿਖ ਕੇ ਆਪਣੇ ਮਾਪਿਆਂ, ਪਿੰਡ ਮਾਨੂੰਪੁਰ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ।