60 ਸਾਲ ਦੀ ਉਮਰ ਤੋਂ ਬਾਦ ਕੰਨਾਂ ਦੀ ਨਿਯਮਤ ਜਾਂਚ ਜ਼ਰੂਰੀ : ਡਾ. ਜਗਪਾਲਇੰਦਰ ਸਿੰਘ
ਪਟਿਆਲਾ, 3 ਮਾਰਚ- ਬੋਲੇਪਣ ਤੋਂ ਬਚਾਅ ਅਤੇ ਰੋਕਥਾਮ ਬਾਰੇ ਜਾਗਰੂਕਤਾ ਲਈ ਜ਼ਿਲ੍ਹਾ ਸਿਹਤ ਵਿਭਾਗ ਪਟਿਆਲਾ ਵੱਲੋਂ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਕੰਨਾਂ ਦੀ ਦੇਖਭਾਲ ਅਤੇ ਬਿਮਾਰੀਆਂ ਪ੍ਰਤੀ ਜਾਗਰੂਕਤਾ ਲਈ ਵਿਸ਼ਵ ਸੁਣਨ ਦਿਵਸ ਦਾ ਆਯੋਜਨ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਅਤੇ ਸਿਹਤ ਅਧਿਕਾਰੀਆਂ ਵੱਲੋਂ ਪੋਸਟਰ ਜਾਰੀ ਕੀਤਾ ਗਿਆ। ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਅਨੁਸਾਰ ਅੱਜ ਪੂਰੀ ਦੁਨੀਆਂ ਵਿੱਚ ਘੱਟ ਸੁਣਨ ਦੀ ਸ਼ਕਤੀ ਕਾਰਨ ਜੋ ਸਮਸਿਆ ਪੈਦਾ ਹੋ ਰਹੀ ਹੈ, ਉਸ ਦਾ ਸਭ ਤੋਂ ਵੱਡਾ ਕਾਰਣ ਲੰਬੇ ਸਮੇਂ ਤਕ ਤੇਜ਼ ਅਵਾਜ਼ ਵਿੱਚ ਸੰਗੀਤ ਸੁਣਨਾ ਹੈ ਅਤੇ ਅੱਜ ਦੁਨੀਆਂ ਦੇ 60 ਪ੍ਰਤੀਸ਼ਤ ਯੁਵਕ ਇਸ ਬਿਮਾਰੀ ਨਾਲ ਪ੍ਰਭਾਵਤ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਕੰਨਾਂ ਵਿੱਚ ਤੇਲ ਜਾਂ ਤਿਖੀਆਂ ਚੀਜ਼ਾਂ /ਮਾਚਸ ਦੀ ਤੀਲੀ /ਕੰਨਾਂ ਨੂੰ ਸਾਫ ਕਰਨ ਲਈ ਬਡਜ਼ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਨਵ ਜਨਮੇਂ ਬੱਚਿਆਂ ਦਾ ਪੂਰਾ ਟੀਕਾਕਰਨ ਕਰਵਾਇਆ ਜਾਵੇ ਅਤੇ ਕੰਨਾਂ ਦੀਆਂ ਹੋਣ ਵਾਲੀਆਂ ਸਮਸਿਆਵਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ 60 ਸਾਲ ਦੀ ਉਮਰ ਤੋਂ ਬਾਅਦ ਹਰੇਕ ਬਜੁਰਗ ਨੂੰ ਕੰਨਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਮਾਤਾ ਕੁਸ਼ਲਿਆ ਹਸਪਤਾਲ ਡਾ.ਵਿਕਾਸ ਗੋਇਲ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ, ਜ਼ਿਲ੍ਹਾ ਬੀ.ਸੀ.ਸੀ. ਕੁਆਰਡੀਨੇਟਰ ਜਸਬੀਰ ਕੌਰ, ਬੀ.ਈ.ਈ. ਸ਼ਾਯਾਨ ਜ਼ਫਰ, ਬਿਟੂ ਕੁਮਾਰ, ਨਰਸਿੰਗ ਵਿਦਿਆਰਥੀ ਅਤੇ ਮਰੀਜ਼ ਵੀ ਹਾਜ਼ਰ ਸਨ।
