ਅਸਤੀਫ਼ਾ ਦੇਣ ਤੋਂ ਬਾਅਦ ਰਾਮ ਕਿਸ਼ਨ ਗੁੱਜਰ ਦਾ ਦਰਦ ਛਲਕਿਆ
ਅੰਬਾਲਾ, 18 ਮਾਰਚ:- ਰਾਜ ਸਭਾ ਲਈ ਚੋਣ ਦੌਰਾਨ ਕਰਾਸ ਵੋਟਿੰਗ ਨੂੰ ਲੈ ਕੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਰਾਮ ਕਿਸ਼ਨ ਗੁੱਜਰ ਦਾ ਗੁੱਸਾ ਅੱਜ ਦੇਖਣ ਨੂੰ ਮਿਲਿਆ। ਅੰਬਾਲਾ ਦੇ ਨਰਾਇਣਗੜ੍ਹ ਦੇ ਲੋਕ ਨਿਰਮਾਣ ਵਿਭਾਗ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਅੰਦਰ ਦਾ ਦਰਦ ਛਲਕਿਆ। ਉਨ੍ਹਾਂ ਨੇ ਪਾਰਟੀ ਦੀ ਅੰਦਰੂਨੀ ਸਥਿਤੀ, ਰਾਜ ਸਭਾ ਚੋਣਾਂ ਅਤੇ ਕਰਾਸ-ਵੋਟਿੰਗ ਦੇ ਦੋਸ਼ਾਂ ਸਬੰਧੀ ਕਈ ਗੰਭੀਰ ਖ਼ੁਲਾਸੇ ਕੀਤੇ।
ਗੁੱਜਰ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਕਰਾਸ-ਵੋਟਿੰਗ ਵਰਗੇ ਗੰਭੀਰ ਦੋਸ਼ ਬਿਨਾਂ ਸਬੂਤਾਂ ਦੇ ਨਹੀਂ ਸੀ ਲਾਏ ਜਾਣੇ ਚਾਹੀਦੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਜਾਂ ਉਨ੍ਹਾਂ ਦੇ ਸਾਥੀਆਂ 'ਤੇ ਝੂਠੇ ਦੋਸ਼ ਲਗਾਏ ਜਾਂਦੇ ਹਨ ਤਾਂ ਕਹਿਣ/ਦੱਸਣ ਲਈ ਉਨ੍ਹਾਂ ਕੋਲ ਵੀ ਬਹੁਤ ਕੁਝ ਹੈ ਅਤੇ ਉਹ ਦੋਸ਼ ਲਾਉਣ ਵਾਲਿਆਂ ਨੂੰ ਕਾਨੂੰਨੀ ਨੋਟਿਸ ਭੇਜਣ ਤੋਂ ਵੀ ਨਹੀਂ ਝਿਜਕਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸ਼ੈਲੀ ਚੌਧਰੀ (ਰਾਮ ਕਿਸ਼ਨ ਗੁੱਜਰ ਦੀ ਪਤਨੀ ਨਰਾਇਣਗੜ੍ਹ ਤੋਂ ਕਾਂਗਰਸ ਦੀ ਵਿਧਾਇਕ) ਦਾ ਵਿਰੋਧ ਕਰਨਾ ਹੈ, ਤਾਂ ਇਹ ਰਾਜਨੀਤਿਕ ਤੌਰ 'ਤੇ ਕੀਤਾ ਜਾਣਾ ਚਾਹੀਦਾ ਹੈ, ਪਰ ਨਿੱਜੀ ਅਤੇ ਬੇਬੁਨਿਆਦ ਦੋਸ਼ ਲਾਉਣਾ ਗਲਤ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਦੇ ਅੰਦਰ ਕਿਸੇ ਨੇ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਜਿੱਥੇ ਗੱਲ ਨਾ ਸੁਣੀ ਜਾਵੇ ਤੇ ਅਪਮਾਨ ਕੀਤਾ ਜਾਵੇ ਉੱਥੇ ਰਹਿਣ ਦਾ ਕੋਈ ਲਾਭ ਲਈ ਅਤੇ ਇਸ ਕਾਰਨ ਉਨ੍ਹਾਂ ਨੂੰ ਕਾਂਗਰਸ ਪਾਰਟੀ ਛੱਡਣੀ ਪਈ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਆਪਣੇ ਸਮਰਥਕਾਂ ਨਾਲ ਸਲਾਹ-ਮਸ਼ਵਰਾ ਕਰਨਗੇ ਅਤੇ ਆਪਣੀ ਭਵਿੱਖ ਦੀ ਰਣਨੀਤੀ ਬਾਰੇ ਫ਼ੈਸਲਾ ਲੈਣਗੇ। ਆਪਣੀ ਰਾਜਨੀਤਿਕ ਯਾਤਰਾ ਨੂੰ ਯਾਦ ਕਰਦਿਆਂ ਗੁੱਜਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਹਰਿਆਣਾ ਦੀ ਰਾਜਨੀਤੀ ਨਾਲ ਲੰਮਾ ਸਬੰਧ ਹੈ।
ਉਨ੍ਹਾਂ ਦੇ ਪਿਤਾ ਨੇ ਰਾਜ ਦੇ ਗਠਨ ਤੋਂ ਬਾਅਦ ਪਹਿਲੀ ਚੋਣ ਲੜੀ ਸੀ। ਉਨ੍ਹਾਂ ਨੇ ਖ਼ੁਦ ਕਾਂਗਰਸ ਪਾਰਟੀ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ, ਸੱਤਾਧਾਰੀ ਅਤੇ ਵਿਰੋਧੀ ਦੋਵਾਂ ਪਾਰਟੀਆਂ ਵਿੱਚ ਕੰਮ ਕੀਤਾ। ਗੁੱਜਰ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਲੰਬੇ ਸਮੇਂ ਤੋਂ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਹੈ ਅਤੇ ਜ਼ਮੀਨੀ ਪੱਧਰ ਦੇ ਵਰਕਰ ਇਸ ਦਾ ਖ਼ਮਿਆਜ਼ਾ ਭੁਗਤ ਰਹੇ ਹਨ। ਰਾਜ ਸਭਾ ਚੋਣਾਂ ਦੌਰਾਨ ਸ਼ੈਲੀ ਚੌਧਰੀ ਦਾ ਨਾਮ ਵਿਵਾਦ ਵਿੱਚ ਘਸੀਟਣਾ ਗਲਤ ਸੀ ਅਤੇ ਪਾਰਟੀ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ।
ਉਨ੍ਹਾਂ ਕਿਹਾ ਕਿ ਸ਼ੈਲੀ ਚੌਧਰੀ ਨੂੰ ਵੋਟਿੰਗ ਦੌਰਾਨ ਇੱਕ ਭਾਜਪਾ ਨਿਰੀਖਕ ਨੇ ਥੋੜ੍ਹੀ ਦੇਰ ਲਈ ਰੋਕਿਆ ਸੀ ਜੋ ਕਿ ਪੂਰੀ ਤਰ੍ਹਾਂ ਅਨੁਚਿਤ ਸੀ। ਇਸ ਤੋਂ ਬਾਅਦ ਤਰੁਣ ਭੰਡਾਰੀ ਨਾਲ ਉਨ੍ਹਾਂ ਦੀ ਮੁਲਾਕਾਤ ਨੂੰ ਵੀ ਬੇਲੋੜਾ ਮੁੱਦਾ ਬਣਾਇਆ ਗਿਆ ਭਾਵੇਂ ਉਨ੍ਹਾਂ ਦੇ ਉਨ੍ਹਾਂ ਨਾਲ ਲੰਬੇ ਸਮੇਂ ਤੋਂ ਸਬੰਧ ਸਨ।
