ਸਾਥੀ ਮੁਲਾਜ਼ਮਾਂ ਦੇ ਤਬਾਦਲੇ ਦੇ ਵਿਰੋਧ ਵਿਚ ਰੇਲਵੇ ਯੂਨੀਅਨ ਨੇ ਕੀਤਾ ਪ੍ਰਦਰਸ਼ਨ
ਅੰਬਾਲਾ, 20 ਦਸੰਬਰ:- ਉੱਤਰੀ ਰੇਲਵੇ ਮੈਨਜ਼ ਯੂਨੀਅਨ (ਐਨਆਰਐਮਯੂ) ਅੰਬਾਲਾ ਡਿਵੀਜ਼ਨ ਦੇ ਸੱਦੇ 'ਤੇ ਰੇਲਵੇ ਕਰਮਚਾਰੀਆਂ ਦਾ ਵਿਰੋਧ ਦੂਜੇ ਦਿਨ ਵੀ ਜਾਰੀ ਰਿਹਾ। ਅੱਜ ਫੇਰ ਮੁਲਾਜ਼ਮਾਂ ਨੇ ਬਰਾਂਚ ਅਫਸਰ ਸੀਨੀਅਰ ਡੀਐਮਈ (ਸੀ ਐਂਡ ਡਬਲਯੂ) ਵਿਰੁੱਧ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਨੇੜੇ ਬੀਸੀਐਨ ਆਰਾਓਐਚ ਡਿਪੂ ਵਿਖੇ ਦੁਪਹਿਰ ਦੇ ਖਾਣੇ ਦੀ ਬਰੇਕ ਦੌਰਾਨ ਵਿਰੋਧ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਨੇ ਅਧਿਕਾਰੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਐਨਆਰਐਮਯੂ ਡਿਵੀਜ਼ਨਲ ਪ੍ਰਧਾਨ ਹਰਨਾਮ ਸਿੰਘ ਨੇ ਅਧਿਕਾਰੀ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਬਰਾਂਚ ਅਫਸਰ ਨੇ ਖ਼ਾਨ ਆਲਮਪੁਰਾ ਯਾਰਡ (ਸਹਾਰਨਪੁਰ) ਡਿਪੂ ਵਿੱਚ ਕੰਮ ਕਰਦੇ ਚਾਰ ਰੇਲਵੇ ਕਰਮਚਾਰੀਆਂ ਦਾ ਤਬਾਦਲਾ ਅਨੁਚਿਤ ਢੰਗ ਨਾਲ ਬਠਿੰਡਾ ਕਰ ਦਿੱਤਾ ਹੈ। ਯੂਨੀਅਨ ਇਨ੍ਹਾਂ ਤਬਾਦਲਿਆਂ ਨੂੰ ਬੇਇਨਸਾਫ਼ੀ ਅਤੇ ਤਾਨਾਸ਼ਾਹੀ ਰਵੱਈਆ ਦੱਸ ਰਹੀ ਹੈ ਅਤੇ ਇਨ੍ਹਾਂ ਤਬਾਦਲਿਆਂ ਨੂੰ ਰੱਦ ਕਰਨ ਤੇ ਜ਼ੋਰ ਦੇ ਰਹੀ ਹੈ।
