ਪੰਜਾਬੀ ਸਿੰਗਰ ਇੰਦਰ ਕੌਰ ਦੀ ਹੱਤਿਆ ਨੀਲੋਂ ਨਹਿਰ ਤੋਂ ਲਾਸ਼ ਬਰਾਮਦ
ਲੁਧਿਆਣਾ:- ਬੀਤੇ ਦਿਨੀ ਕਿਡਨੈਪ ਕੀਤੀ ਗਈ ਪੰਜਾਬੀ ਸਿੰਗਰ ਇੰਦਰ ਕੌਰ ਉਰਫ ਯਸ਼ ਇੰਦਰ ਦੀ ਕਤਲ ਮਗਰੋਂ ਨੀਲੋ ਨਹਿਰ 'ਚ ਸੁੱਟੀ ਲਾਸ਼ ਬਰਾਮਦ ਹੋਈ ਹੈ। ਛੇ ਦਿਨ ਪਹਿਲਾਂ ਇੰਦਰ ਕੌਰ ਦੇ ਪਰਿਵਾਰ ਨੇ ਉਸਦੇ ਗਨ ਪੁਆਇੰਟ 'ਤੇ ਅਗਵਾ ਹੋਣ ਦੀ ਥਾਣਾ ਜਮਾਲਪੁਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਕਤ ਮਾਮਲੇ 'ਚ ਪੁਲਿਸ ਵੱਲੋਂ ਮੋਗਾ ਦੇ ਰਹਿਣ ਵਾਲੇ ਮੁਲਜ਼ਮ ਤੇ ਉਸਦੇ ਕੁਝ ਸਾਥੀਆਂ ਖਿਲਾਫ ਪਰਚਾ ਦਰਜ ਕਰ ਕੇ ਲਗਾਤਾਰ ਅਗਵਾ ਕੀਤੀ ਗਈ ਪੰਜਾਬੀ ਗਾਇਕ ਦੀ ਭਾਲ ਕੀਤੀ ਜਾ ਰਹੀ ਸੀ। ਮੰਗਲਵਾਰ ਸਵੇਰੇ ਨੀਲੋ ਨਹਿਰ ਤੋਂ ਇੰਦਰ ਕੌਰ ਦੀ ਲਾਸ਼ ਬਰਾਮਦ ਹੋਈ।
ਜ਼ਿਕਰਯੋਗ ਹੈ ਕਿ ਇੰਦਰ ਕੌਰ ਦੇ ਭਰਾ ਜੋਤ ਇੰਦਰ ਸਿੰਘ ਜਮਾਲਪੁਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਗਾਏ ਸਨ ਕਿ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਮੋਗਾ ਵੱਲੋਂ ਉਸਦੀ ਭੈਣ ਨੂੰ 13 ਮਈ ਨੂੰ ਉਸ ਵੇਲੇ ਅਗਵਾ ਕੀਤਾ ਗਿਆ ਜਦੋਂ ਉਸ ਦੀ ਭੈਣ ਆਪਣੀ ਫੋਰਡ ਕਾਰ 'ਤੇ ਸਾਮਾਨ ਲੈਣ ਬਾਜ਼ਾਰ ਗਈ ਸੀ। ਜੋਤ ਇੰਦਰ ਸਿੰਘ ਨੇ ਦੋਸ਼ ਲਗਾਏ ਸਨ ਕਿ ਉਸ ਦੀ ਭੈਣ ਦੀ ਦੋਸਤੀ ਮੋਗਾ ਨਿਵਾਸੀ ਸੁਖਵਿੰਦਰ ਸਿੰਘ ਉਰਫ ਸੁੱਖਾ ਨਾਲ ਹੋਈ ਸੀ ਜੋ ਉਸ ਉੱਪਰ ਲਗਾਤਾਰ ਵਿਆਹ ਕਰਵਾਉਣ ਲਈ ਦਬਾਅ ਬਣਾ ਰਿਹਾ ਸੀ। ਜਦ ਉਸ ਦੀ ਭੈਣ ਨੂੰ ਪਤਾ ਲੱਗਾ ਕਿ ਸੁੱਖਾ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹੈ ਤੇ ਇਕ ਬੱਚੇ ਦਾ ਪਿਉ ਹੈ ਤਾਂ ਉਸ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਰੰਜਿਸ਼ ਦੇ ਚਲਦੇ ਕੈਨੇਡਾ ਰਹਿ ਰਹੇ ਸੁਖਵਿੰਦਰ ਸਿੰਘ ਉਰਫ ਸੁੱਖਾ ਨੇ ਮਿਥੀ ਸਾਜ਼ਿਸ਼ ਤਹਿਤ ਇੰਦਰ ਕੌਰ ਨੂੰ ਅਗਵਾ ਕੀਤਾ ਤੇ ਕਤਲ ਕਰ ਕੇ ਲਾਸ਼ ਨਹਿਰ 'ਚ ਸੁੱਟ ਦਿੱਤੀ। ਪਰਿਵਾਰਕ ਸੂਤਰ ਮੁਤਾਬਕ ਇੰਦਰ ਕੌਰ ਦੀ ਸੁੱਖਾ ਨਾਲ ਦੋਸਤੀ ਸੋਸ਼ਲ ਮੀਡੀਆ ਰਾਹੀਂ ਹੋਈ ਸੀ ਤੇ ਕੁਝ ਸਮਾਂ ਦੋਨੋਂ ਇਕ ਦੂਜੇ ਦੇ ਸੰਪਰਕ 'ਚ ਵੀ ਰਹੇ। ਪੁਲਿਸ ਵੱਲੋਂ ਬਰਾਮਦ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੋ ਗਈ ਹੈ ਅਤੇ ਇਸ ਮਾਮਲੇ ਵਿੱਚ ਪਰਿਵਾਰ ਦੇ ਬਿਆਨਾਂ ਦੇ ਪਦਾਰਥ ਮੁਲਜ਼ਮਾਂ ਦੀ ਗ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
