ਪੰਜਾਬ ਸਾਹਿਤ ਸਭਾ ਰਜਿ ਨਵਾਂ ਸ਼ਹਿਰ ਵੱਲੋਂ ਮਹਿਲਾ ਦਿਵਸ ਮਨਾਇਆ

ਨਵਾਂਸ਼ਹਿਰ:- ਸਥਾਨਕ ਪੰਜਾਬ ਸਾਹਿਤ ਸਭਾ ਰਜਿਸਟਰਡ ਨਵਾਂ ਸ਼ਹਿਰ ਵੱਲੋਂ ਆਪਣੇ ਦਫਤਰ ਰੇਲਵੇ ਰੋਡ ਨਵਾਂ ਸ਼ਹਿਰ ਵਿਖੇ ਮਹਿਲਾ ਦਿਵਸ ਮਨਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ  ਸ਼੍ਰੀਮਤੀ ਕੰਚਨ ਅਰੋੜਾ ਸਨ। ਇਸ ਮੌਕੇ ਉਨਾਂ ਬੋਲਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਔਰਤ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ ਹੈ। ਉਹਨਾਂ ਇਸ ਗੱਲ ਨੂੰ ਜ਼ੋਰ ਦੇ ਕੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਸਮਾਜਿਕ ਤਾਣੇ ਬਾਣੇ ਵਿੱਚ ਆਪਣੇ ਘਰ ਦੀਆਂ ਔਰਤਾਂ ਨੂੰ ਸਤਿਕਾਰ, ਪਿਆਰ, ਅਤੇ ਸਨੇਹ ਦਈਏ ਤਾਂ ਕਿ ਜਿਹੜੀ ਗੱਲ ਅਸੀਂ ਸਮਾਜ ਦੇ ਵਿੱਚ ਕਰਦੇ ਹਾਂ ਉਹ ਪਹਿਲਾਂ ਆਪਣੇ ਘਰ ਤੋਂ ਉਸਦੀ ਸ਼ੁਰੂਆਤ ਕਰੀਏ।
  ਸਭਾ ਦੇ ਜਨਰਲ ਸਕੱਤਰ ਦੇਸ ਰਾਜ ਬਾਲੀ ਨੇ ਬੋਲਦਿਆਂ ਕਿਹਾ ਕਿ ਇੱਕ ਔਰਤ ਦਾ ਤਾਂ ਮਹਿਲਾ ਦਿਵਸ ਰੋਜ਼ ਹੀ ਹੁੰਦਾ ਹੈ। ਕਿਉਂਕਿ ਹਰ ਰੋਜ਼ ਔਰਤ ਦਿਨ ਭਰ ਮਿਹਨਤ ਮੁਸ਼ੱਕਤ ਕਰਕੇ ਆਪਣੇ ਪਰਿਵਾਰ ਨੂੰ ਪਾਲਦੀ ਹੈ। ਤੇ ਛੋਟੇ ਤੋਂ ਵੱਡੇ ਜੀ ਦਾ ਉਹ ਹਰ ਪੱਖੋਂ ਧਿਆਨ ਰੱਖਦੀ ਹੈ। ਚਾਹੇ ਬੱਚਿਆਂ ਦੀ ਪੜ੍ਹਾਈ ਹੋਵੇ, ਚਾਹੇ ਖਾਣਾ ਹੋਵੇ, ਜਾਂ ਘਰ ਨੂੰ ਸੰਭਾਲਣ ਦੀ ਲੋੜ ਹੋਵੇ, ਜਾਂ ਮਹਿਮਾਨਾਂ ਦੀ ਟਹਿਲ ਪਾਣੀ ਕਰਨੀ ਹੋਵੇ, ਸਾਰਾ ਔਰਤ ਦੇ ਜੁੰਮੇ ਆਉਂਦਾ ਹੈ। 
ਸਭਾ ਦੇ ਪ੍ਰਧਾਨ ਦਰਸ਼ਨ ਦਰਦੀ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਇਸ ਮੌਕੇ ਔਰਤਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਬੀਬੀ ਸਰਬਜੀਤ ਕੌਰ ਨਵਾਂਸ਼ਹਿਰ ਨੂੰ ਸਿਲਾਈ ਮਸ਼ੀਨ ਅਤੇ ਬਾਕੀ ਔਰਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵੱਲੋਂ ਸ਼੍ਰੀਮਤੀ ਕੰਚਨ ਅਰੋੜਾ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
 ਇਸ ਮੌਕੇ ਸਭਾ ਦੇ ਪ੍ਰਧਾਨ ਦਰਸ਼ਨ ਦਰਦੀ, ਚੇਅਰਮੈਨ ਮਨਮੋਹਨ ਸਿੰਘ ਗੁਲਾਟੀ, ਜਨਰਲ ਸਕੱਤਰ ਦੇਸ ਰਾਜ ਬਾਲੀ, ਪ੍ਰੈਸ ਸਕੱਤਰ ਵਾਸਦੇਵ ਪਰਦੇਸੀ, ਬਹਾਦਰ ਚੰਦ ਅਰੋੜਾ ਸਲਾਹਕਾਰ, ਕਮਲਜੀਤ ਸਿੰਘ  ਜੇ ਈ, ਸ਼ਮ੍ਹਾ ਮੱਲ੍ਹਣ ਬੀਨਾ ਸ਼ਰਮਾ, ਮਮਤਾ, ਸਰਬਜੀਤ ਕੌਰ ਅਤੇ ਪ੍ਰੀਆ ਆਦਿ ਹਾਜ਼ਰ ਸਨ।