ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਨੇ ਲਾਲ ਝੰਡਾ ਲਹਿਰਾ ਕੇ ਮਨਾਇਆ ਮਜ਼ਦੂਰ ਦਿਵਸ
ਐਸ ਏ ਐਸ ਨਗਰ, 1 ਮਈ- ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਵਲੋਂ ਮਜ਼ਦੂਰ ਦਿਵਸ ਲਾਲ ਝੰਡਾ ਲਹਿਰਾ ਕੇ ਮਨਾਇਆ ਗਿਆ। ਇਸ ਸੰਬੰਧੀ ਫੈਡਰੇਸ਼ਨ ਵਲੋਂ ਫੇਜ਼ 9 ਦੇ ਪਾਰਕ ਵਿੱਚ ਇਕੱਠ ਕੀਤਾ ਗਿਆ ਜਿਸ ਦੌਰਾਨ ਸਫਾਈ ਮਜ਼ਦੂਰਾਂ ਵਲੋਂ ਸਾਲ 1886 ਦੌਰਾਨ ਅਮਰੀਕਾ ਦੇ ਚਿਕਾਗੋ ਸ਼ਹਿਰ ਵਿੱਚ ਮਜ਼ਦੂਰ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਹੋਏ, ਸ਼ਹੀਦ ਹੋਏ ਮਜ਼ਦੂਰਾਂ ਨੂੰ ਯਾਦ ਕਰਦਿਆਂ ਝੰਡਾ ਲਹਿਰਾਇਆ ਗਿਆ ਅਤੇ ਮਜ਼ਦੂਰਾਂ ਦੀਆਂ ਸ਼ਹਾਦਤਾਂ ਨੂੰ ਫੁੱਲ ਭੇਂਟ ਕਰਕੇ ਨਮਨ ਕੀਤਾ ਗਿਆ।
ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰ ਵਰਗ ਕਿਸੇ ਵੀ ਦੇਸ਼ ਜਾਂ ਸ਼ਹਿਰ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ ਅਤੇ ਜੇਕਰ ਕਿਰਤ ਕੰਮਾਂ ਨਾਲ ਜੁੜਿਆ ਹੋਇਆ ਮਜ਼ਦੂਰ ਵਰਗ ਅਤੇ ਸਫਾਈ ਸੇਵਕ ਨਾ ਹੋਣ ਤਾਂ ਕੋਈ ਵੀ ਸ਼ਹਿਰ ਜਾਂ ਦੇਸ਼ ਕਾਮਯਾਬ ਨਹੀਂ ਹੋ ਸਕਦਾ।
ਇਸ ਮੌਕੇ ਕਲਾਸ ਫੋਰ ਯੂਨੀਅਨ ਦੇ ਆਗੂ ਸ੍ਰੀ ਕ੍ਰਿਸ਼ਨ ਪ੍ਰਸਾਦ, ਚੰਦਨ ਸਿੰਘ, ਬ੍ਰਿਜ ਮੋਹਨ, ਇੰਦਰਜੀਤ ਸਿੰਘ, ਯੂਗਪਾਲ, ਅਨਿਲ ਕੁਮਾਰ, ਧੀਰਜ ਕੁਮਾਰ, ਦਯਾਨੰਦ, ਰਾਜੂ ਸੰਗੇਲਿਆ, ਸਚਿਨ ਕੁਮਾਰ, ਰੋਹਿਤ ਲਾਲ ਤੋਂ ਇਲਾਵਾ ਹੋਰ ਕਈ ਆਗੂਆਂ ਵਲੋਂ ਸੰਬੋਧਨ ਕੀਤਾ ਗਿਆ। ਇਸ ਮੌਕੇ ਸਫਾਈ ਸੇਵਕਾਂ ਵਲੋਂ ਇਕੱਠੇ ਹੋ ਕੇ ਲੱਡੂ ਵੀ ਵੰਡੇ ਗਏ।
