ਪੀਆਰਟੀਸੀ ਪੈਨਸ਼ਨਰਾਂ ਨੇ ਕੀਤਾ ਸਲਾਨਾ ਸਨਮਾਨ ਸਮਾਰੋਹ ਬਜ਼ੁਰਗਾਂ ਨੂੰ ਕੀਤਾ ਸਨਮਾਨਿਤ
ਪਟਿਆਲਾ, 16 ਮਾਰਚ:- ਅੱਜ ਇੱਥੇ ਪੀ.ਆਰ.ਟੀ.ਸੀ. ਦੇ ਪੈਨਸ਼ਨਰਾਂ ਨੇ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਵਿੱਚ ਸਲਾਨਾ ਸਨਮਾਨ ਸਮਾਰੋਹ ਕੀਤਾ ਗਿਆ ਤੇ ਪੈਨਸ਼ਨ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਹਰ ਡਿਪੂ ਦੇ 75 ਸਾਲ ਦੇ ਪਾਰ ਕਰ ਚੁੱਕ 5—5 ਪੈਨਸ਼ਨਰਜ਼ ਨੂੰ ਮਮੈਂਟੋ ਅਤੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਮੁਕੰਦ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਵੱਖ—ਵੱਖ ਡਿਪੂਆਂ ਤੋਂ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆ ਉਨ੍ਹਾਂ ਵੱਲੋਂ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਵਿੱਚ ਪਾਏ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ, ਵਿਛੋੜਾ ਦੇ ਗਏ ਪੈਨਸ਼ਰਾਂ ਤੇ ਅਫਸੋਸ ਜਾਹਿਰ ਕੀਤਾ ਗਿਆ ਅਤੇ ਜੀਵਤ ਪੈਨਸ਼ਨਰਾਂ ਦੇ ਲੰਮੇ ਅਤੇ ਸੁਖੀ ਜੀਵਨ ਦੀ ਕਾਮਨਾ ਕੀਤੀ ਗਈ। ਇਸ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਲੰਘੇ ਸਾਲ ਅੰਦਰ ਕੀਤੇ ਸੰਘਰਸ਼ ਅਤੇ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਮੈਨੇਜਮੈਂਟ ਤੋਂ ਰਹਿੰਦੇ ਬਕਾਏ ਅਤੇ ਪੈਨਸ਼ਨ ਸਮੇਂ ਸਿਰ ਪਾਉਣ ਲਈ ਕਿਹਾ ਗਿਆ।
ਉਨ੍ਹਾਂ ਮੈਨੇਜਮੈਂਟ ਨੂੰ ਚਿਤਾਵਨੀ ਦਿੰੰਦਿਆ ਕਿਹਾ ਕਿ ਸਾਡੇ ਬਕਾਏ ਬਿਨਾਂ ਦੇਰੀ ਤੋਂ ਪਾਏ ਜਾਣ ਤਾਂ ਕਿ ਸਾਨੂੰ ਕੋਈ ਸਖਤ ਕਦਮ ਚੁੱਕਣ ਲਈ ਮਜਬੂਰ ਨਾ ਹੋਣਾ ਪਵੇ। ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਪਿਛਲੇ ਦਿਨੀ ਚੇਅਰਮੈਨ ਪੀ.ਆਰ.ਟੀ.ਸੀ. ਨਾਲ ਹੋਈ ਮੀਟਿੰਗ ਬਾਰੇ ਦੱਸਦਿਆ ਕਿਹਾ ਕਿ ਚੇਅਰਮੈਨ ਸਾਹਿਬ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਹਰ ਪੈਨਸ਼ਨ ਸਮੇਂ ਸਿਰ ਪਾਈ ਜਾਇਆ ਕਰੇਗੀ ਅਤੇ ਰਹਿੰਦੇ ਬਕਾਏ ਜਿਵੇਂ ਕਿ 2016 ਦੇ ਗਰੇਡ ਮੈਡੀਕਲ ਬਿੱਲਾਂ ਦੇ ਬਕਾਏ ਅਤੇ ਨਵੇਂ ਰਿਟਾਇਰੀਆਂ ਦੇ ਬਕਾਏ ਜਲਦੀ ਦਿੱਤੇ ਜਾਣਗੇ ਪਰੰਤੂ ਚੇਅਰਮੈਨ ਸਾਹਿਬ ਵਲੋਂ ਆਪਣੇ ਵਾਅਦੇ ਮੁਤਾਬਿਕ ਬਕਾਏ ਤਾਂ ਕੀ ਦੇਣੇ ਸੀ ਹਾਲੇ ਤੱਕ ਪੈਨਸ਼ਨ ਵੀ ਨਹੀਂ ਪਾਈ ਗਈ।
ਹਰੀ ਸਿੰਘ ਚਮਕ ਨੇ ਅਫਸੋੋਸ ਜਾਹਿਰ ਕਰਦਿਆਂ ਕਿਹਾ ਕਿ ਅਦਾਰਾ ਪੀ.ਆਰ.ਟੀ.ਸੀ. ਅੱਜ ਲਾ—ਵਾਰਿਸ ਜਾਪ ਰਿਹਾ ਹੈ। ਕੋਈ ਪੱਕਾ ਐਮ.ਡੀ. ਨਹੀਂ ਹੈ। ਜਿਸ ਕਰਕੇ ਸਾਡੀਆਂ ਅਦਾਇਗੀਆਂ ਬਾਰੇ ਕਿਸੇ ਨੂੰ ਚਿੰਤਾ ਨਹੀਂ ਹੈ। ਉਨ੍ਹਾਂ ਮਾਨਯੋਗ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਮਾਨਯੋਗ ਹਾਈ ਕੋਰਟ ਦੇ ਫੈਸਲੇ ਮੁਤਾਬਿਕ ਸਾਡੀਆਂ ਅਦਾਇਗੀਆਂ ਸਮੇਤ ਵਿਆਜ ਜਲਦੀ ਕੀਤੀਆਂ ਜਾਣ ਤਾਂ ਕਿ ਸਾਨੂੰ ਕੰਨਟੈਪਟ ਨਾ ਪਾਉਣੀ ਪਵੇ ਅਤੇ ਸੰਘਰਸ਼ ਲਈ ਕਦਮ ਨਾ ਉਠਾਉਣਾ ਪਵੇ। ਉਨ੍ਹਾਂ ਕਿਹਾ ਕਿ ਸਰਕਾਰ ਔਰਤਾਂ ਵਲੋਂ ਕੀਤੇ ਜਾਦੇ ਮੁਫ਼ਤ ਸਫਰ ਸਹੂਲਤ ਦੀ ਪੂਰਤੀ ਕਰੇ ਤਾਂ ਕਿ ਸਾਡੇ ਬਕਾਇਆਂ ਦੀ ਪੂਰਤੀ ਹੋ ਸਕੇ।
ਉਨ੍ਹਾਂ ਅਫਸੋਸ ਜਾਹਿਰ ਕੀਤਾ ਕਿ ਪੰਜਾਬ ਸਰਕਾਰ ਵਲੋਂ ਪੀ.ਆਰ.ਟੀ.ਸੀ. ਲਈ ਬੱਜਟ ਵਿਚ ਲੋੜ ਮੁਤਾਬਿਕ ਪੈਸੇ ਨਹੀਂ ਰੱਖੇ ਗਏ ਜੋ ਕਿ ਬਹੁਤ ਨਿੰਦਣਯੋਗ ਹੈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਰਵ ਸ੍ਰੀ ਬਖਸ਼ੀਸ਼ ਸਿੰਘ ਦਫਤਰ ਸਕੱਤਰ, ਅਮੋਲਕ ਸਿੰਘ ਕੈਸ਼ੀਅਰ, ਮਹਿੰਦਰ ਸਿੰਘ ਸੋਹੀ, ਬਚਨ ਸਿੰਘ ਅਰੋੜਾ, ਨੇ ਮਹੱਤਵ ਪੂਰਨ ਯੋਗਦਾਨ ਪਾਇਆ। ਸਟੇਜ਼ ਦੀ ਡਿਊਟੀ ਬਚਨ ਸਿੰਘ ਅਰੋੜਾ ਨੇ ਬਾਖੂਬੀ ਨਿਭਾਈ।
