ਗੁਰਦੀਪ ਸਿੰਘ, ਜੇ.ਈ. ਨੂੰ ਮੁਅੱਤਲ ਕਰਨ ਦੇ ਹੁਕਮਾਂ ਵਿਰੁੱਧ ਬਿਜਲੀ ਕਾਮਿਆਂ ਦਾ ਧਰਨਾ ਜਾਰੀ
ਐਸ.ਏ.ਐਸ. ਨਗਰ, 10 ਜੂਨ- ਪਾਵਰਕਾਮ ਦੇ ਉਪ ਮੰਡਲ ਦਫਤਰ, ਮੁਹਾਲੀ ਵਿੱਚ ਤਾਇਨਾਤ ਇੰਜ. ਗੁਰਦੀਪ ਸਿੰਘ, ਜੇ.ਈ. ਨੂੰ ਮੁਅੱਤਲ ਕਰਨ ਦੇ ਹੁਕਮਾਂ ਵਿਰੁੱਧ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਪੀ.ਐਸ.ਈ.ਬੀ. ਇੰਪਲਾਈਜ ਫੈਡਰੇਸ਼ਨ (ਏਟਕ), ਮਨਿਸਟਰੀਅਲ ਸਰਵਿਸਿਜ ਯੂਨੀਅਨ, ਮੁਹਾਲੀ ਦੇ ਸਦੱਸਿਆਂ ਦੇ ਵੰਡ ਮੰਡਲ (ਖਾਸ), ਮੁਹਾਲੀ ਵਿਖੇ 9 ਜੂਨ ਤੋਂ ਰੋਸ ਧਰਨਾ ਦਿੱਤਾ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਪੰਜਾਬ ਦੇ ਪ੍ਰਧਾਨ ਇੰਜ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਰਕਲ ਪ੍ਰਧਰ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਮਸਲੇ ਨੂੰ ਹੱਲ ਕਰਨ ਲਈ ਸਹਿਮਤੀ ਦਿੱਤੀ ਗਈ, ਪਰੰਤੂ ਮੁੱਖ ਇੰਜੀਨੀਅਰ, ਵੰਡ ਦੱਖਣ, ਪਟਿਆਲਾ ਇੰਜ. ਰਤਨ ਕੁਮਾਰ ਮਿੱਤਲ ਵੱਲੋਂ ਜਥੇਬੰਦੀਆਂ ਦੀ ਗੱਲਬਾਤ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਲਿਆ ਗਿਆ ਅਤੇ ਮੁਲਾਜ਼ਮਾਂ ਵੱਲੋਂ ਵਰਕ ਟੂ ਰੂਲ ਦੀ ਪਾਲਣਾ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ (8 ਘੰਟੇ) ਬਣਦੀ ਡਿਊਟੀ ਕਰਨਗੇ ਅਤੇ ਲਾਈਨਮੈਨ, ਸਹਾਇਕ ਲਾਈਨਮੈਨ ਵੱਲੋਂ 8 ਘੰਟੇ ਦੀ ਬਣਦੀ ਡਿਊਟੀ ਵਿੱਚ ਕੋਈ ਪਰਮਿਟ, ਕੋਈ ਟ੍ਰਿਪਿੰਗ ਨਹੀਂ ਲਈ ਜਾਵੇਗੀ। ਇਸ ਤੋਂ ਇਲਾਵਾ ਕਲੈਰੀਕਲ ਕਾਮਿਆਂ ਵੱਲੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦੀ ਬਣਦੀ ਡਿਊਟੀ ਹੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦਾ ਮਕਸਦ ਮੌਜੂਦਾ ਸਰੋਤਾਂ ਤੋਂ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣਾ ਹੈ ਪਰ ਕੁਝ ਅਫਸਰਾਂ ਵੱਲੋਂ ਆਪਣੇ ਮਨਮਰਜ਼ੀ ਦੇ ਹੁਕਮਾਂ ਕਾਰਨ ਮੁਲਾਜ਼ਮਾਂ ਦੇ ਨਾਲ-ਨਾਲ ਆਮ ਖਪਤਕਾਰਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਇੰਜੀਨੀਅਰ, ਵੰਡ ਦੱਖਣ ਵੱਲੋਂ ਮਸਲਾ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ ਅਤੇ ਜਿਸਦੀ ਸਾਰੀ ਜ਼ਿੰਮੇਵਾਰੀ ਮੁੱਖ ਇੰਜੀਨੀਅਰ, ਵੰਡ ਦੱਖਣ, ਪਟਿਆਲਾ ਦੀ ਹੋਵੇਗੀ।
ਇਸ ਮੌਕੇ ਇੰਜ. ਨਿਰਮਲ ਸਿੰਘ, ਇੰਜ. ਬਲਵਿੰਦਰ ਕੁਮਾਰ, ਇੰਜ. ਗੁਰਮੀਤ ਸਿੰਘ ਗਿੱਲ, ਸ਼੍ਰੀ ਸੁਖਿੰਦਰਪਾਲ ਸਿੰਘ, ਸ਼੍ਰੀ ਗੁਰਪ੍ਰੀਤ ਸਿੰਘ ਛੀਨਾ, ਇੰਜ. ਬਲਪ੍ਰੀਤ ਸਿੰਘ, ਇੰਜ. ਰਵਿੰਦਰ ਤੁੰਗਾਰ, ਇੰਜ. ਸੋਨੀਆ, ਇੰਜ. ਪ੍ਰਿਅੰਕਾ, ਇੰਜ. ਗੁਰਪ੍ਰੀਤ ਕੌਰ, ਇੰਜ. ਮੋਹਨ ਸਿੰਘ ਗਿੱਲ, ਪੈਨਸ਼ਨ ਯੂਨੀਅਨ ਵੱਲੋਂ ਸ਼੍ਰੀ ਸੁਖਦੇਵ ਸਿੰਘ ਚੌਹਾਨ, ਇੰਜ. ਹਿਮਾਂਸ਼ੂ ਜਿੰਦਲ ਵੱਲੋਂ ਰੋਸ ਧਰਨੇ ਨੂੰ ਸੰਬੋਧਨ ਕੀਤਾ ਗਿਆ।
