ਵੱਧ ਰਹੀਆਂ ਤੇਲ ਦੀਆਂ ਕੀਮਤਾਂ ਖ਼ਿਲਾਫ਼ ਕੁਝ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਮਖੌਟੇ ਲਾ ਕੇ ਕੀਤਾ ਪ੍ਰਦਰਸ਼ਨ

ਅੰਬਾਲਾ, 26 ਮਈ:- ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਰੋਜ਼ਾਨਾ ਹੋ ਰਹੇ ਵਾਧੇ ਦੇ ਖ਼ਿਲਾਫ਼ ਅੱਜ ਸ਼ਾਮ ਨੂੰ ਸ਼ਹਿਰ ਦੇ ਸਮਾਜ ਸੇਵੀ ਪਾਰੁਲ ਨਾਗਪਾਲ ਦੀ ਅਗਵਾਈ ਵਿਚ ਕੁਝ ਲੋਕਾਂ ਨੇ ਪ੍ਰੇਮ ਨਗਰ ਅੰਬਾਲਾ ਸ਼ਹਿਰ ਦੇ ਪੈਟਰੋਲ ਪੰਪ ਤੇ ਇਕੱਠੇ ਹੋ ਕੇ ਪ੍ਰਧਾਨ ਮੰਤਰ ਨਰਿੰਦਰ ਮੋਦੀ ਦੇ ਮਖੌਟੇ ਲਾ ਕੇ ਪ੍ਰਦਰਸ਼ਨ ਕੀਤਾ ਅਤੇ ਵਿਅੰਗ ਰੂਪ ਵਿਚ ਸੜਕ ਤੋਂ ਲੰਘ ਰਹੇ ਲੋਕਾਂ ਨੂੰ  ਮੈਲੋਡੀ ਟਾਫ਼ੀਆਂ ਵੰਡੀਆਂ। ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਸਾਬਕਾ ਮੰਤਰੀ ਅਸੀਮ ਗੋਇਲ ਜੀ ਦੋ ਦਿਨ ਸਾਈਕਲ ਚਲਾਉਣ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ। ਕਮਰ ਤੋੜ ਮਹਿੰਗਾਈ ਵਿਚ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਤੇ ਲਗਾਮ ਲਾਉਣੀ ਪਵੇਗੀ ਨਹੀਂ ਤਾਂ ਜਨਤਾ ਸਬਕ ਸਿਖਾਏਗੀ। ਉਸ ਨੇ ਕਿਹਾ ਕਿ ਚੋਣਾਂ ਜਿੱਤਣ ਲਈ ਸਰਕਾਰ ਨੇ ਜਨਤਾ ਨੂੰ ਲਾਲੀ ਪੌਪ ਦਿੱਤਾ ਸੀ ਅਤੇ ਚੋਣਾਂ ਖ਼ਤਮ ਹੁੰਦਿਆਂ ਹੀ ਸਰਕਾਰ ਰੋਜ਼ਾਨਾ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰਦੀ ਜਾ ਰਹੀ ਹੈ।
ਪਾਰੁਲ ਨਾਗਪਾਲ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਤਾਂ ਸਰਕਾਰ ਹੋਰ ਵਧਾਏਗੀ। 12 ਸਾਲ ਪਹਿਲਾਂ ਭਾਜਪਾ ਕਹਿੰਦੀ ਸੀ ਕਿ ਸਰਕਾਰ ਬਣਨ ਤੇ ਪੈਟਰੋਲ ਦੀਆਂ ਕੀਮਤਾਂ 70 ਰੁਪਏ ਤੋਂ 35 ਰੁਪਏ ਕੀਤੀਆਂ ਜਾਣਗੀਆਂ ਪਰ ਅੱਜ 103 ਰੁਪਏ ਲੀਟਰ ਤੇਲ ਹੋ ਗਿਆ ਹੈ। ਏਨੀ ਕੀਮਤ ਵੱਧ ਹੋਣ ਤੇ ਵੀ ਸਰਕਾਰ ਚੁੱਪ ਬੈਠੀ ਹੈ ਅਤੇ ਵਿਦੇਸ਼ਾਂ ਵਿਚ ਜਾ ਕੇ ਮੈਲੋਡੀ ਟਾਫ਼ੀਆਂ ਵੰਡੀਆਂ ਜਾ ਰਹੀਆਂ ਹਨ। ਦੇਸ਼ ਦੀ ਜਨਤਾ ਦਾ ਕੋਈ ਖ਼ਿਆਲ ਨਹੀਂ ਹੈ। ਤੇਲ ਦੀਆਂ ਕੀਮਤਾਂ ਵਧਣ ਨਾਲ ਕਿਰਾਏ ਵੱਧ ਰਹੇ ਹਨ, ਪਲਾਸਟਿਕ ਦੀ ਕੀਮਤ ਵੱਧ ਰਹੀ ਹੈ, ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦੀ ਕੀਮਤ ਵੱਧ ਰਹੀ ਹੈ; ਜੇ ਸਰਕਾਰ ਇਸ ਤੇ ਕਾਬੂ ਨਹੀਂ ਪਾਉਂਦੀ ਤਾਂ ਆਉਣ ਵਾਲੇ ਦਿਨਾਂ ਵਿਚ ਬੜੀ ਸਮੱਸਿਆ ਖੜ੍ਹੀ ਹੋਵੇਗੀ। ਪਾਰੁਲ ਨਾਗਪਾਲ ਨੇ ਕਿਹਾ ਕਿ ਗੱਡੀਆਂ ਵਿਚ ਨਾ ਘੁੰਮਣ ਨਾਲ ਸਮੱਸਿਆ ਹੱਲ ਨਹੀਂ ਹੋਣੀ, ਸਰਕਾਰ ਨੂੰ ਆਮ ਜਨਤਾ ਦੀ  ਸੁਣਵਾਈ ਕਰਨੀ ਪਵੇਗੀ, ਜਦੋਂ ਕਿ ਸਰਕਾਰ ਨੇ ਇਕ ਤਰ੍ਹਾਂ ਹੱਥ ਹੀ ਖੜ੍ਹੇ ਕਰ ਦਿੱਤੇ ਹਨ।