ਪ੍ਰਗਤੀਸ਼ੀਲ ਸੰਘ ਮਾਹਿਲਪੁਰ ਨੇ ਚੰਦੇਲੀ ਵਿਚ ਸਾਹਿਤਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
ਮਾਹਿਲਪੁਰ:- ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਮਾਹਿਲਪੁਰ ਵੱਲੋਂ ਗ੍ਰਾਮ ਪੰਚਾਇਤ ,ਡੀਐਸਐਸ ਵੈਲਫੇਅਰ ਕਲੱਬ ਚੰਦੇਲੀ ਅਤੇ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਦੇ ਸਹਿਯੋਗ ਨਾਲ ਪੁਸਤਕ ਪ੍ਰਦਰਸ਼ਨੀ, ਕਵੀ ਦਰਬਾਰ ਅਤੇ ਬਾਲ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਪ੍ਰਧਾਨ ਬਲਜਿੰਦਰ ਮਾਨ ਅਤੇ ਜਨਰਲ ਸਕੱਤਰ ਜੀਵਨ ਚੰਦੇਲੀ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਅਤੇ ਜ਼ਿਲ੍ਹਾ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੀ ਅਤੇ ਜਨਰਲ ਸਕੱਤਰ ਪ੍ਰਿੰ. ਨਵਤੇਜ ਗੜ੍ਹਦੀਵਾਲਾ ਉਚੇਚੇ ਤੌਰ ਤੇ ਸ਼ਾਮਿਲ ਹੋਏ।
ਸਭ ਦਾ ਸਵਾਗਤ ਕਰਦਿਆਂ ਸਰਪੰਚ ਸ੍ਰੀਮਤੀ ਕਮਲ ਨੇ ਕਿਹਾ ਕਿ ਗ੍ਰਾਮ ਪੰਚਾਇਤ ਅਤੇ ਨੌਜਵਾਨ ਕਲੱਬ ਦਾ ਯਤਨ ਹੈ ਕਿ ਬੱਚੇ ਨਰੋਈਆਂ ਕਿਤਾਬਾਂ ਪੜ੍ਹ ਕੇ ਆਪਣੀ ਅਮੀਰ ਵਿਰਾਸਤ ਬਾਰੇ ਜਾਣੂ ਹੋਣ। ਇਸ ਉਦੇਸ਼ ਦੀ ਪੂਰਤੀ ਵਾਸਤੇ ਪਿੰਡ ਵਿੱਚ ਸਾਹਿਤਕ, ਖੇਡ ਅਤੇ ਸੱਭਿਆਚਾਰਕ ਸਰਗਰਮੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਲਗਾਈ ਪੁਸਤਕ ਪ੍ਰਦਰਸ਼ਨੀ ਮੌਕੇ ਬੱਚਿਆਂ ਨੂੰ ਕੀਮਤੀ, ਰੌਚਕ ਅਤੇ ਰੰਗਦਾਰ ਪੁਸਤਕਾਂ ਸਿਰਫ਼ 50-50 ਰੁਪਏ ਦੇ ਕੇ ਇੱਕ ਸ਼ਾਨਦਾਰ ਉਪਰਾਲਾ ਕੀਤਾ ਹੈ।
ਸਮਾਜ ਵਿੱਚੋਂ ਅਲੋਪ ਹੋ ਰਹੀਆਂ ਨਰੋਈਆਂ ਬਾਲ ਕਲਾਵਾਂ ਬਾਰੇ ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਅਤੇ ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਨੇ ਕਿਹਾ ਕਿ ਮਾਪਿਆਂ ਤੇ ਅਧਿਆਪਕਾਂ ਦੀ ਇਹ ਮੁੱਖ ਜ਼ਿੰਮੇਵਾਰੀ ਹੈ ਕਿ ਉਹ ਸਿਲੇਬਸ ਤੋਂ ਇਲਾਵਾ ਵੀ ਬੱਚਿਆਂ ਹੱਥ ਪੁਸਤਕਾਂ ਦੇਣ ਤਾਂ ਕਿ ਉਹਨਾਂ ਦੀਆਂ ਕਲਾਵਾਂ ਵਿਕਸਿਤ ਹੋਣ। ਇਸ ਮੌਕੇ ਪੇਸ਼ ਕੀਤੇ ਕਵੀ ਦਰਬਾਰ ਵਿੱਚ ਦੂਰ ਨੇੜੇ ਦੇ ਦੋ ਦਰਜਨ ਦੇ ਕਰੀਬ ਸ਼ਾਇਰਾਂ ਨੇ ਆਪਣੀਆਂ ਕਵਿਤਾਵਾਂ ਨਾਲ ਖੂਬ ਰੰਗ ਬੰਨਿਆ। ਜਿਨ੍ਹਾਂ ਵਿੱਚ ਗਾਇਕ ਨੀਲ ਕਮਲ, ਬਲਜੀਤ ਕੌਰ ਝੂੱਟੀ ਅਤੇ ਕੇ. ਮੀਤ ਨੇ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਚਲਾਇਆ। ਸ਼ਾਇਰਾਂ ਵਿੱਚ ਦੇਵ ਰਾਜ ਦਾਦਰ, ਹਰਮਿੰਦਰ ਸਾਹਿਲ, ਪਰਮਜੀਤ ਕਾਤਿਬ, ਪ੍ਰਿੰ. ਸਰਬਜੀਤ ਸਿੰਘ, ਪ੍ਰੀਤ ਨੀਤਪੁਰ, ਬਹਾਦਰ ਸਿੰਘ ਕਮਲ, ਸੁਖਮਨ ਸਿੰਘ, ਬਲਵਿੰਦਰ ਬਾੜੀਆ, ਹਰਭਜਨ ਸਿੰਘ, ਰਣਜੀਤ ਪੋਸੀ ਆਦਿ ਕਵੀ ਭਖਦੇ ਮਸਲਿਆਂ ਨੂੰ ਸੰਬੋਧਨ ਹੋਏ।
ਮਾਹਿਲਪੁਰ ਬਲਾਕ ਦੇ ਪਿੰਡਾਂ ਦੇ ਬਾਲ ਕਲਾਕਾਰਾਂ ਵਿੱਚ ਗੁਰਸਿਮਰਨ ਨੇ ਮਿਰਜਾ ਗਾ ਕੇ ਬਾਲ ਗਾਇਕੀ ਦਾ ਸਿਖ਼ਰ ਸਿਰਜ ਦਿੱਤਾ। ਭਾਰਟਾ ਗਣੇਸ਼ਪੁਰ ਦੀ ਜੈਸਮੀਨ ਕੌਰ ਨੇ ਲੜਕੀ ਦੀ ਵੇਦਨਾ ਬਾਰੇ ਲੰਮੀ ਕਵਿਤਾ ਪੇਸ਼ ਕਰਕੇ ਦਰਸ਼ਕਾਂ ਨੂੰ ਰੁਆ ਦਿੱਤਾ। ਬੱਚਿਆਂ ਨੇ ਗਰੁੱਪ ਡਾਂਸ, ਗਿੱਧਾ ,ਭੰਗੜਾ ਅਤੇ ਰਚਨਾਤਮਕ ਕੋਰੀਓਗਰਾਫੀਆਂ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਬਾਲ ਕਲਾਕਾਰ ਪ੍ਰਭਜੋਤ, ਲਵਲੀਨ, ਗੁਰਜੋਤ ਸਿੰਘ, ਸਾਹਿਬਾ, ਰਜਨੀ ਅਤੇ ਕਾਮਿਆਂ ਨੇ ਆਪਣੀਆਂ ਵਿਲੱਖਣ ਅਦਾਵਾਂ ਨਾਲ ਖੂਬ ਰੰਗ ਬੰਨਿਆ। ਮਹਿਮਾਨਾਂ ਤੋਂ ਇਲਾਵਾ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਮੋਮੈਂਟੋ ਅਤੇ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਰਖਾ ਪਵਾਰ ,ਅਮਰਜੀਤ ਕੌਰ ,ਬਗੀਚਾ ਸਿੰਘ ,ਜਸਵਿੰਦਰ ਸਿੰਘ, ਰਾਮ ਲੁਭਾਇਆ,ਕਲੱਬ ਮੈਂਬਰ- ਜਗਦੀਸ਼ ਪਾਲ , ਅਮਰੀਕ ਸਿੰਘ , ਗੁਰਜਿੰਦਰ ਸਿੰਘ, ਹਰਜੀਤ ਸਿੰਘ, ਅਰਵਿੰਦਰ ਸਿੰਘ, ਹੋਸਟ ਪਵਨਦੀਪ ਕੌਰ, ਮੈਡਮ ਨੀਲਮ , ਸੌਰਵ ਸਮੇਤ ਪਿੰਡ ਵਾਸੀ, ਵਿਦਿਆਰਥੀ ਅਤੇ ਅਧਿਆਪਕ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
