ਪ੍ਰੋ. ਰਮਨ ਮੈਣੀ ਨੂੰ 'ਐਮੀਨੈਂਟ ਇੰਜੀਨੀਅਰ ਐਵਾਰਡ' ਨਾਲ ਕੀਤਾ ਸਨਮਾਨਤ

ਪਟਿਆਲਾ, 23 ਨਵੰਬਰ: ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਤੋਂ ਪ੍ਰੋ. ਰਮਨ ਮੈਣੀ ਨੂੰ ਇੰਸਟੀਚਿਊਟ ਆਫ਼ ਇੰਜਨੀਅਰਜ਼ (ਇੰਡੀਆ) ਵੱਲੋਂ 'ਐਮੀਨੈਂਟ ਇੰਜਨੀਅਰ ਐਵਾਰਡ' ਨਾਲ ਸਨਮਾਨਤ ਕੀਤਾ ਗਿਆ ਹੈ। 'ਕੰਪਿਊਟਰ ਇੰਜੀਨੀਅਰਾਂ ਦੀ 37ਵੀਂ ਰਾਸ਼ਟਰੀ ਕਨਵੈਨਸ਼ਨ' ਦੌਰਾਨ ਉਨ੍ਹਾਂ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ। 
ਜ਼ਿਕਰਯੋਗ ਹੈ ਕਿ ਡਾ. ਮੈਣੀ ਪੰਜਾਬੀ ਯੂਨੀਵਰਸਿਟੀ ਵਿਖੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਦੇ ਡਾਇਰੈਕਟਰ ਵਜੋਂ ਵੀ ਕਾਰਜਸ਼ੀਲ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਐੱਮ ਟੈੱਕ ਦੀ ਡਿਗਰੀ ਦੌਰਾਨ ਉਨ੍ਹਾਂ ਮੈਰਿਟ ਸਰਟੀਫਿਕੇਟ ਪ੍ਰਾਪਤ ਕੀਤਾ। ਉਹ ਆਈ.ਈ. (ਆਈ) ਦੇ ਫੈਲੋ ਹਨ ਅਤੇ ਪੰਜਾਬ ਅਕੈਡਮੀ ਆਫ਼ ਸਾਇੰਸਜ਼ ਤੋਂ ਇਲਾਵਾ ਆਈ. ਐੱਸ. ਟੀ. ਈ., ਆਈ. ਈ. ਟੀ. ਈ. ਅਤੇ ਅਤੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਇੰਜੀਨੀਅਰਜ਼ ਦੇ ਜੀਵਨ ਮੈਂਬਰ ਹਨ।
ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਦੇ ਅਧਿਆਪਨ ਵਿੱਚ ਉਨ੍ਹਾਂ ਕੋਲ 24 ਸਾਲਾਂ ਤੋਂ ਵੱਧ ਦਾ ਅਕਾਦਮਿਕ ਅਤੇ ਖੋਜ ਕਰੀਅਰ ਹੈ। ਉਹ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।
ਉਹ ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੇ ਮੈਂਬਰ ਰਹੇ ਹੋਣ ਤੋਂ ਇਲਾਵਾ ਬੋਰਡ ਆਫ਼ ਸਟੱਡੀਜ਼ ਆਫ਼ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਵਿੱਚ ਏ.ਸੀ.ਐੱਮ ਵਿਦਿਆਰਥੀ ਚੈਪਟਰ ਅਤੇ ਓਰੇਕਲ ਅਕੈਡਮੀ ਦੀ ਸ਼ੁਰੂਆਤ ਕੀਤੀ ਹੈ। ਡਾ. ਮੈਣੀ ਦੇ ਨਾਮ ਦੋ ਪੇਟੈਂਟ ਰਜਿਸਟਰਡ ਹਨ।